Saturday, February 20, 2010

ਸੁਰਜੀਤ ਸਾਜਨ-‘ਗੁਲਾਬੀ ਰੰਗ ਦੇ ਸੁਪਨੇ’

ਸੁਰਜੀਤ ਸਾਜਨ ਆਧੁਨਿਕ ਸੰਵੇਦਨਾ ਦਾ ਸ਼ਾਇਰ ਹੈ। ਉਸਦੀ ਗ਼ਜ਼ਲ ਅੱਜ ਦੀ ਗ਼ਜ਼ਲ ਹੈ। ਅੱਜ ਜੋ ਸਮੱਸਿਆਵਾਂ ਮਨੁੱਖ ਨੂੰ ਦਰਪੇਸ਼ ਹਨ, ਉਹਨਾਂ ਦਾ ਸ਼ੀਸ਼ਾ ਹਨ ਇਹ ਗ਼ਜ਼ਲਾਂ। ਅਜੋਕੇ ਮਨੁੱਖ ਦੀ ਦੁਬਿਧਾ, ਮਜਬੂਰੀ, ਬੇਬਸੀ, ਹੱਥਾਂ ’ਚੋਂ ਖਿਸਕ ਕੇ ਵਿਅਰਥ ਹੋ ਰਹੇ ਵਕਤ ਦੀ ਢੁਕਵੀਂ ਅਭਿਵਿਅਕਤੀ ਇਹਨਾਂ ਗ਼ਜ਼ਲਾਂ ਨੂੰ ਸਮੇਂ ਦਾ ਹਾਣੀ ਬਣਾਉਂਦੀ ਹੈ। ‘ਗੁਲਾਬੀ ਰੰਗ ਦੇ ਸੁਪਨੇ’ ਭਾਵੇਂ ਸੁਰਜੀਤ ਸਾਜਨ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ, ਪਰ ਰੂਪਕ ਪੱਖ ਦੀ ਪਰਪੱਕਤਾ ਅਤੇ ਖ਼ਿਆਲਾਂ ਦੀ ਪੁਖ਼ਤਗੀ ਉਸਨੂੰ ਇਕ ਸਫ਼ਲ ਗ਼ਜ਼ਲਗੋਅ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਕ ਸਥਿਤੀ ਨੂੰ ਵਖੋ-ਵਖ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਵਲ ਸ਼ਾਇਰ ਨੂੰ ਖ਼ੂਬ ਆਉਂਦਾ ਹੈ-
ਮੋਰਾਂ ਦੇ ਨੱਚਣ ਨੂੰ ਸਾਵਣ ਬਿਹਤਰ ਹੋ ਸਕਦੈ,
ਵੱਢ ਵੱਢ ਖਾਵੇ ਚੋਂਦਾ ਜੇਕਰ ਢਾਰਾ ਬੰਦੇ ਦਾ।
(ਪੰਨਾ 36)
ਜ਼ਿੰਦਗੀ ਸਾਵੀਂ ਜਿਊਣ ਦਾ ਸੁਨੇਹਾ ਸਾਜਨ-ਕਾਵਿ ਦਾ ਅਹਿਮ ਨੁਕਤਾ ਹੈ-
ਪੈੜਾਂ ਦੀ ਛਾਪ ਉੱਤੇ ਕਿੰਤੂ ਨਾ ਕਿਧਰੇ ਹੋਵੇ,
ਏਦਾਂ ਦੀ ਤੋਰ ਰੱਖੀਂ ਏਦਾਂ ਦੀ ਚਾਲ ਰੱਖੀਂ।
(ਪੰਨਾ 21)
ਸੁਰਜੀਤ ਸਾਜਨ ਦੀ ਸ਼ਾਇਰੀ ਵਿਚ ਮਨੋਵਿਗਿਆਨ ਦਾ ਪੱਖ ਅਛੋਪਲੇ ਜਿਹੇ ਹੀ ਉਘੜ ਆਉਂਦਾ ਹੈ। ਆਲੇ-ਦੁਆਲੇ ਦੇ ਨਜ਼ਾਰਿਆਂ ਦਾ ਪ੍ਰਭਾਵ ਮਨ ਦੀ ਅਵਸਥਾ ਨਾਲ ਉੱਕਾ ਹੀ ਬਦਲ ਜਾਂਦਾ ਹੈ। ਜੇਕਰ ਮਨ ਦੀ ਅਵਸਥਾ ਅਖੌਤੀ ਬੰਦਨਾਂ, ਅਖੌਤੀ ਸਿਆਣਪਾਂ, ਅਖੌਤੀ ਫਲਸਫਿਆਂ, ਊਚਾਣਾ-ਨਿਵਾਣਾ ਤੋਂ ਪਾਰ ਹੋ ਜਾਵੇ ਤਾਂ ਚੰਗੇ-ਮਾੜੇ ਵਰਤਾਰੇ ਦਾ ਪ੍ਰਭਾਵ ਬਿਲਕੁਲ ਹੀਣ ਹੋ ਸਕਦਾ ਹੈ-
ਜੇ ਉੱਚੇ ਉਠ ਗਏ ਹੁੰਦੇ ਖ਼ਿਆਲਾਂ ਤੋਂ ਵਿਚਾਰਾਂ ਤੋਂ,
ਦੁਖੀ ਕਰਦਾ ਨਾ ਸਾਨੂੰ ਜਿੱਤ ਦੀ ਥਾਂ ਹਾਰ ਦਾ ਪੱਤਰ।
(ਪੰਨਾ 37)
ਸਥਿਤੀਆਂ-ਪ੍ਰਸਥਿਤੀਆਂ ਦਾ ਸੂਖਮਤਾ ਨਾਲ ਅਧਿਐਨ ਕਰਦਾ ਸ਼ਾਇਰ ਹਰ ਹਾਲ ਵਿਚ ਆਪਣੀ ਚੇਤਨਾ ਨੂੰ ਕਾਇਮ ਰੱਖਦਾ ਹੈ। ਉਸਨੂੰ ਇਕੱਲਤਾ ਦਾ ਫ਼ਿਕਰ ਤਾਂ ਹੈ, ਪਰ ਉਹ ਇਸ ਤੋਂ ਭੈਅ-ਭੀਤ ਹੋ ਕੇ ਬੇਵਜਾ ਇਸ ਦਾ ਦੋਸ਼ੀ ਹੋਰ ਕਿਸੇ ਨੂੰ ਠਹਿਰਾਉਣ ਦੇ ਹੱਕ ਵਿਚ ਨਹੀਂ। ਆਪਣੀ ਇਕੱਲਤਾ ਵਿਚ ਉਹ ਆਤਮ-ਚਿੰਤਨ ਦਾ ਰਾਹ ਅਪਣਾਉਂਦਾ ਪ੍ਰਤੀਤ ਹੁੰਦਾ ਹੈ-
ਆਪਣਾ ਹੀ ਪਰਛਾਵਾਂ ਹੁਣ ਤਾਂ ਨਾਲ ਨਹੀਂ,
ਦਿਲਦਾਰਾਂ ’ਤੇ ਦੋਸ਼ ਧਰਾਂਗੇ ਫੇਰ ਕਿਤੇ।
(ਪੰਨਾ 42)
ਸ਼ਾਇਰ ਇਸ ਫ਼ਿਕਰ ਵਿਚ ਗ੍ਰੱਸਿਆ ਹੋਇਆ ਹੈ ਕਿ ਉਸਦੇ ਦੇਸ਼ ਵਿਚ ਪੈਦਾ ਹੋ ਰਹੀ ਪ੍ਰਤਿਭਾ ਨੂੰ ਦੇਸ਼ ਕਿਉਂ ਨਹੀਂ ਪਹਿਚਾਣਦਾ। ਹਰ ਰੌਸ਼ਨ-ਦਿਮਾਗ਼ ਨੂੰ ਦੂਸਰੇ ਮੁਲਕ ਦੇ ਲੋਕ ਹਰ ਕੀਮਤ ’ਤੇ ਵਿਹਾਜ ਲੈਂਦੇ ਹਨ। ਆਪਣਾ ਮੁਲਕ ਰੌਸ਼ਨ-ਦਿਮਾਗ਼ ਤੋਂ ਵਿਰਵਾ ਹੋ ਕੇ ਫਿਰ ਹਨ੍ਹੇਰਾ ਢੋਂਹਦਾ ਰਹਿੰਦਾ ਹੈ-
ਦੇਸ਼ ਵਾਸੀ ਆਪਣੀ ਨੀਂਦਰ ਤੋਂ ਜੋ ਵੀ ਜਾਗਿਆ,
ਓਸ ਨੂੰ ਸਾਂਭਣ ਲਈ ਹਥਿਆ ਲਿਆ ਪਰਵਾਸ ਨੇ।
(ਪੰਨਾ 44)
ਜੋ ਖ਼ੂਬਸੂਰਤੀ ਪਰਦੇ ਵਿਚ ਹੈ, ਉਹ ਬੇਪਰਦ ਹੋ ਕੇ ਖ਼ਤਮ ਨਹੀਂ ਹੁੰਦੀ, ਸਗੋਂ ਬਦਸੂਰਤ ਹੋ ਨਿਬੜਦੀ ਹੈ। ਮੰਡੀ ਦੇ ਪ੍ਰਚਾਰਕ ਸਿਨੇਮੇ ਅਤੇ ਟੀ ਵੀ ਨੇ ਕੁਦਰਤ ਦੀ ਅਲਿਖ, ਅ-ਕਹੀ, ਅਬਿਆਨੀ ਖ਼ੂਬਸੂਰਤੀ ਦੀ ਪ੍ਰਤੀਕ ਔਰਤ ਨੂੰ ਬੇਪਰਦਾ ਕਰਕੇ ਔਰਤ ਜ਼ਾਤੀ ਨਾਲ ਕੋਹਝਾ ਮਜ਼ਾਕ ਕੀਤਾ ਹੈ। ਪਰਦਾ-ਦਰ-ਪਰਦਾ ਉਤਾਰ ਕੇ ਮਨੁੱਖ ਨੇ ਕੁਦਰਤ ਦੇ ਰਹੱਸਾਂ ਨੂੰ ਫਰੋਲਦੇ ਫਰੋਲਦੇ ਖ਼ਾਤਮੇ ਦੀ ਹੱਦ ਤੱਕ ਤਾਂ ਲੈ ਹੀ ਆਂਦਾ ਹੈ, ਇਸੇ ਤਰ੍ਹਾਂ ਔਰਤ ਦੇ ਪਰਦੇ ਵਿਚ ਛੁਪੇ ਖ਼ੂਬਸੂਰਤੀ ਦੇ ਰਹੱਸ ਦੀ ਉਤਸੁਕਤਾ ਨੂੰ ਬਿਲਕੁਲ ਖ਼ਤਮ ਕਰਕੇ ਇਸ ਦੀ ਤਾਂਘ ਤੇ ਕਸ਼ਿਸ਼ ਦੇ ਅਦਭੁਤ ਆਲਮ ਨੂੰ ਨੀਰਸ ਬਣਾ ਦਿੱਤਾ ਹੈ-
ਟੀ ਵੀ ’ਤੇ ਆਉਂਦੀਆਂ ਨੇ ਇੰਝ ਬੇਲਿਬਾਸ ਕੁੜੀਆਂ।
ਤਹਿਜ਼ੀਬ ਦੇ ਮੁਕਾ ਕੇ ਛੱਡਣੇ ਸਵਾਸ ਕੁੜੀਆਂ।
(ਪੰਨਾ 61)
ਸਭਿਆਚਾਰ ਦੇ ਨਾਂ ਦੇ ਹੋਰ ਰਹੇ ਅਸਭਿਆ ਵਰਤਾਰਿਆਂ ਤੋਂ ਸ਼ਾਇਰ ਡਾਢਾ ਪਰੇਸ਼ਾਨ ਹੈ-
ਬਾਂਦਰ-ਟਪੂਸੀਆਂ ’ਤੇ ਲੱਗੇ ਨੰਗੇਜਵਾਦੀ,
ਪਰਚਾਰ ਕਰ ਰਹੇ ਨੇ-ਵਿਰਸਾ ਸੰਭਾਲਦੇ ਹਾਂ।
(ਪੰਨਾ 49)
ਮਸ਼ੀਨਾਂ ਨੇ ਮਨੁੱਖ ਦਾ ਕੀਮਤੀ ਸਰਮਾਇਆ ਉਸਦਾ ਆਤਮ-ਵਿਸ਼ਵਾਸ ਖੀਣ ਕਰ ਦਿੱਤਾ ਹੈ-
ਪੰਜਾਂ ਵੀਹਾਂ ਦਾ ਸੌ ਹੋਊ ਯਕੀਨ ਨਹੀਂ,
ਮਗਜ਼ ’ਤੇ ਏਨਾ ਕਬਜ਼ਾ ਕੈਲਕੁਲੇਟਰ ਦਾ।
(ਪੰਨਾ 87)
ਨਿੱਤ ਜ਼ਿੰਦਗੀ ਦੇ ਸਰੋਕਾਰਾਂ ਨਾਲ ਲਬਰੇਜ਼ ਸਾਜਨ-ਕਾਵਿ ਅਤਿ ਸੰਵੇਦਨਸ਼ੀਲ ਅਤੇ ਨਾਜ਼ੁਕਤਾ ਭਰਪੂਰ ਹੈ। ਸਾਦਾ ਜ਼ਬਾਨ ਵਿਚ ਨਾਜ਼ੁਕ ਖ਼ਿਆਲੀ ਦੀ ਉਦਾਹਰਣ ਦੇਖਣਯੋਗ ਹੈ-
ਵੇਖਣ ਨੂੰ ਸੀ ਖ਼ੁਸ਼ਕ ਸਮੁੰਦਰ,
ਠੋਕਰ ’ਤੇ ਭਰ ਆਈਆਂ ਅੱਖਾਂ।
(ਪੰਨਾ 79)
ਫੁਲਝੜੀਆਂ ਦਾ ਹੁੰਦਾ ਸੀ ਇਕ ਸ਼ੌਕ ਬੜਾ,
ਹੁਣ ਤਾਂ ਲਿਸ਼ਕਾਂ ਅਕਸਰ ਮੈਨੂੰ ਦੇਣ ਡਰਾ।
(ਪੰਨਾ 81)
ਨਿੱਤ ਦੀਆਂ ਥੁੜਾਂ ਦਾ ਰਿਸ਼ਤਿਆਂ ਵਿਚ ਵਧੀਆਂ ਦੂਰੀਆਂ ਨਾਲ ਬਹੁਤ ਗਹਿਰਾ ਸੰਬੰਧ ਹੈ। ਜੀਵਨ ਦੀ ਇਸ ਕਠੋਰ ਸੱਚਾਈ ਨੂੰ ਸ਼ਾਇਰ ਇਕ ਹੀ ਸ਼ਿਅਰ ਰਾਹੀਂ ਵਿਅੰਗਮਈ ਅੰਦਾਜ਼ ਵਿਚ ਬਾਖ਼ੂਬੀ ਬਿਆਨ ਕਰ ਜਾਂਦਾ ਹੈ-
ਮੈਥੋਂ ਤੇਰੀ ਦੂਰੀ ਏਦਾਂ ਵਧ ਚਲੀ,
ਜੀਕੂੰ ਭਾਅ ਵਧਦਾ ਹੈ ਗੈਸ-ਸਿਲੰਡਰ ਦਾ।
(ਪੰਨਾ 87)
ਇਹੋ ਜਿਹੀ ਵਧ ਰਹੀਆਂ ਦਿਲਾਂ ਦੀਆਂ ਦੂਰੀਆਂ ਦੀ ਰੁੱਤ ਵਿਚ ਬਿਜਲਈ ਸਾਧਨਾ ਨਾਲ ਘੱਟ ਰਹੀਆਂ ਦੂਰੀਆਂ ਨਿਰਾ ਮਖੌਲ ਹੀ ਜਾਪਦੀਆਂ ਹਨ। ਇਸ ਕਰਕੇ ਵਿਅੰਗਾਤਮਕ ਨਾ ਹੁੰਦੇ ਹੋਏ ਵੀ, ਇਸ ਸ਼ਿਅਰ ਵਿਚ ਵਿਅੰਗ ਛੁਪਿਆ ਪ੍ਰਤੀਤ ਹੁੰਦਾ ਹੈ-
ਵੈੱਬ-ਸਾਈਟ ਵਿਚ ਸੱਤ ਸਮੁੰਦਰ ਸਿਮਟ ਗਏ,
ਦੂਰੀ ਦਾ ਰਕਬਾ ਬਸ ਅੱਖਰ ਅੱਖਰ ਦਾ।
(ਪੰਨਾ 88)
ਮਨ ਅੰਦਰਲੇ ਘੁੱਗੀਆਂ-ਮੋਰਾਂ ਵਰਗੇ ਮਰ ਰਹੇ ਸੁਪਨਿਆਂ ਦਾ ਫ਼ਿਕਰ ਉਸਦੀ ਸ਼ਾਇਰੀ ਦਾ ਇਕ ਹੋਰ ਖ਼ਾਸਾ ਹੈ। ਉਸਨੂੰ ਉਹਨਾਂ ਅਦੀਬਾਂ ਬਾਰੇ ਗਿਲਾ ਹੈ, ਜਿਹਨਾਂ ਨੇ ਇਹਨਾਂ ਮਰ ਰਹੇ ਸੁਪਨਿਆਂ ਨੂੰ ਅਣਗੌਲਿਆਂ ਕੀਤਾ ਹੈ-
ਕੱਚੀਆਂ ਕੰਧਾਂ ’ਤੇ ਚਿਤਰੇ ਘੁੱਗੀਆਂ ਤੇ ਮੋਰ ਜੋ,
ਦਰਦ ਉਹਨਾਂ ਦਾ ਕਿਸੇ ਸ਼ਾਇਰ ਨੇ ਕਿਉਂ ਲਿਖਿਆ ਨਹੀਂ।
(ਪੰਨਾ 63)
ਇਸੇ ਕਰਕੇ ਸ਼ਾਇਰ ਉਸ ਧਿਰ ਨਾਲ ਖਲੋਣਾ ਆਪਣਾ ਫ਼ਰਜ਼ ਸਮਝਾ ਹੈ ਤਾਂ ਕਿ ਉਸ ਉੱਤੇ ਵੀ ਇਹ ਇਲਜ਼ਾਮ ਨਾ ਆਵੇ-
ਉਹਨਾਂ ਮਾਸੂਮ ਬੁੱਲ੍ਹਾਂ ’ਤੇ ਕਿਵੇਂ ਗੀਤਾਂ ਦੇ ਸੁਰ ਥਿਰਕਣ,
ਜਿਨ੍ਹਾਂ ਦੀ ਛੰਨ ’ਤੇ ਮੀਂਹ ਅੱਗ ਦਾ ਵਰਦਾ ਰਿਹਾ ਅਕਸਰ।
(ਪੰਨਾ 15)
ਖ਼ਬਰ ਹੋਈ ਨਾ ਅੰਬਰ ਨੂੰ ਨਾ ਹੋਵੇਗੀ ਕਦੇ ਸ਼ਾਇਦ,
ਕਿ ਧਰਤੀ ’ਤੇ ਕੀ ਵਾਪਰਦਾ ਰੋਜ਼ਾਨਾ ਖ਼ੁਦਕੁਸ਼ੀ ਵਰਗਾ।
(ਪੰਨਾ 23)
ਸ਼ਾਇਰ ਦੀ ਦਿਲੀ ਤਮੰਨਾ ਹੈ ਕਿ ਉਹ ਆਪਣੀ ਸ਼ਾਇਰੀ ਨਾਲ ਏਨਾ ਇਕਮਿਕ ਹੋ ਜਾਵੇ ਕਿ ਸ਼ਾਇਰੀ ਹੀ ਉਸਦਾ ਸਿਰਨਾਵਾਂ ਹੋ ਜਾਵੇ-
ਗ਼ਜ਼ਲਾਂ ਹੀ ਹੋ ਜਾਵਣ ਮੇਰਾ ਸਿਰਨਾਵਾਂ,
ਇਸ ਖ਼ਾਹਿਸ਼ ਨੇ ਬੋਲ ਉਚਾਰੇ ਚਾਵਾਂ ਵਿਚ।
(ਪੰਨਾ 34)
‘ਗੁਲਾਬੀ ਰੰਗ ਦੇ ਸੁਪਨੇ’ ਸੁਰਜੀਤ ਸਾਜਨ ਨੂੰ ਇਕ ਪ੍ਰੌਢ ਸ਼ਾਇਰ ਵਜੋਂ ਪੇਸ਼ ਕਰਦੀ ਪੁਸਤਕ ਹੈ। ਇਸ ਗੱਲ ਦਾ ਸ਼ਾਇਦ ਸ਼ਾਇਰ ਨੂੰ ਵੀ ਇਹਸਾਸ ਹੈ, ਇਸੇ ਕਰਕੇ ਇਸ ਕਿਤਾਬ ਨੂੰ ਉਸਨੇ ਭੂਮਿਕਾ ਦੀ ਥੰਮੀ ਦੇਣ ਦੀ ਜ਼ਰੂਰਤ ਨਹੀਂ ਸਮਝੀ। ਭੂਮਿਕਾ ਦੀ ਥਾਂ ਸਿਰਫ਼ ਸੁਰਜੀਤ ਪਾਤਰ ਦੇ ਦੋ ਸ਼ਿਅਰ ਦਿੱਤੇ ਗਏ ਹਨ। ਅੰਤ ਵਿਚ ਇਬਲੀਸ ਵਲੋਂ ਲਿਖਿਆ ਗਿਆ ਸ਼ਾਇਰ ਦਾ ਕਾਵਿ-ਚਿੱਤਰ। ਇਹ ਗ਼ਜ਼ਲ ਸੰਗ੍ਰਹਿ ਆਪਣੀਆਂ ਗ਼ਜ਼ਲਾਂ ਦੇ ਬਲਬੂਤੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਆਪਣਾ ਮੁਕਾਮ ਹਾਸਿਲ ਕਰੇਗਾ, ਇਹ ਮੇਰਾ ਯਕੀਨ ਹੈ।ਇਹ ਕਿਤਾਬ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ ਬਹੁਤ ਹੀ ਖ਼ੂਬਸੂਰਤ ਦਿੱਖ ਵਿਚ ਛਾਪੀ ਗਈ ਹੈ।
ਸੁਰਿੰਦਰ ਸੋਹਲ

ਮਾਨ ਦੇ ਗੀਤ

ਪੁਸਤਕ-ਮਾਨ ਦੇ ਗੀਤ
ਲੇਖਕ-ਜਗਰੂਪ ਸਿੰਘ ਮਾਨ
ਸੰਪਾਦਕ-ਮਲਕੀਤ ਕੌਰ ਮਾਨ
ਪ੍ਰਕਾਸ਼ਕ-ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ-88
ਮੁੱਲ ਪੇਪਰ ਬੈਕ 50
(ਸਜਿਲਦ 100)

ਪੰਜਾਬੀ ਕਾਵਿ-ਖੇਤਰ ਵਿਚ ਗੀਤ ਸਿਨਫ਼ ਨੂੰ ਏਨੀ ਮੁਹਾਰਤ ਹਾਸਿਲ ਹੈ ਕਿ ਇਹ ਪੜ੍ਹਨ ਵਾਲੇ ਦੇ ਦਿਲ ਅੰਦਰ ਅਛੋਪਲੇ ਹੀ ਪਹੁੰਚ ਜਾਂਦੀ ਹੈ, ਜਿਸ ਨੂੰ ਸਮਝਣ, ਜਾਣਨ ਵਿਚ ਵੀ ਬਹੁਤੀ ਕਠਿਨਾਈ ਨਾ ਹੋਣ ਕਰਕੇ ਇਹ ਸਹਿਜ ਹੀ ਅਸਰ-ਅੰਦਾਜ਼ ਹੋ ਜਾਂਦੀ ਹੈ। ਪਝੱਤਰ ਗੀਤਾਂ ਦੇ ਇਸ ਸੰਗ੍ਰਹਿ ਦੀ ਸੰਪਾਦਨਾ ਜਗਰੂਪ ਸਿੰਘ ਮਾਨ ਦੇ ਅਕਾਲ ਚਲਾਣੇ ਤੋਂ ਬਾਦ ਉਹਨਾਂ ਦੀ ਧਰਮ ਪਤਨੀ ਮਲਕੀਤ ਕੌਰ ਮਾਨ ਵਲੋਂ ਕੀਤੀ ਗਈ ਹੈ। ਉਹਨਾਂ ਲਿਖਿਆ ਹੈ ਕਿ ਮਾਨ ਸਾਹਿਬ ਆਪਣੇ ਇਹਨਾਂ ਗੀਤਾਂ ਦੀ ਪੁਸਤਕ ਦਾ ਖਰੜਾ ਪਹਿਲਾਂ ਹੀ ਤਿਆਰ ਕਰ ਗਏ ਸਨ, ਜਿਸ ਨੂੰ ਛਪਵਾ ਕੇ ਮੈਂ ਵੱਡਾ ਮਾਣ ਮਹਿਸੂਸ ਕਰਦੀ ਹਾਂ। ਇਹਨਾਂ ਗੀਤਾਂ ਦੁਆਰਾ ਉਹ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ। ਸੱਚਮੁਚ ਲੇਖਕ ਲੋਕ, ਜਦੋਂ ਤੱਕ ਉਹਨਾਂ ਦੀ ਚਰਨਾ ਰਹਿੰਦੀ ਹੈ, ਉਦੋਂ ਤੱਕ ਜਿਊਂਦੇ ਰਹਿੰਦੇ ਹਨ। ਸੰਪਾਦਕ ਵਲੋਂ ਪੁਸਤਕ ਪ੍ਰਕਾਸ਼ਨ ਵਿਚ ਸਹਿਯੋਗ ਦੇਣ ਲਈ ਦਮਦਮਾ ਸਾਹਿਤ ਸਭਾ (ਰਜਿ.) ਤਲਵੰਡੀ ਸਾਬੋ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਹੈ। ਸੰਪਾਦਕ ਦੇ ਹਵਾਲੇ ਨਾਲ ਜਗਰੂਪ ਸਿੰਘ ਮਾਨ ਦੀ ਸ਼ਖਸੀਅਤ ਖਾਸ ਗੁਣਾ ਦੀ ਟੋਹ ਵੀ ਮਿਲਦੀ ਹੈ ਕਿ ਉਹ ਰੌਣਕੀ, ਹੱਸਮੁਖ, ਰੰਗੀਲੇ ਆਦਮੀ ਸਨ। ਨਿਰਸੰਦੇਹ ਪੁਸਤਕ ਵਿਚ ਹਾਜ਼ਰ ਗੀਤਾਂ ਦੀ ਰਚਨਾ ਅਜਿਹੀ ਸ਼ਖਸੀਅਤ ਦਾ ਮਾਲਕ ਹੀ ਕਰ ਸਕਦਾ ਹੈ।ਇਹਨਾਂ ਗੀਤਾਂ ਵਿਚ ਜਿਸ ਦਰਦ ਦੀ ਅਭਿਵਿਅਕਤੀ ਹੋਈ ਹੈ, ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਸਮੁੱਚੇ ਮਾਨਵ ਦਾ ਦਰਦ ਹੈ। ਵਿਛੋੜੇ ਦੀ ਤੜਪ, ਬੇ-ਵਫ਼ਾਈ ਦੇ ਗਿਲੇ, ਹੁਸਨ ਦੀ ਤਾਰੀਫ਼, ਮਜਬੂਰੀਆਂ ਦੇ ਪਛਤਾਵੇ, ਖੁੰਝਾਏ ਵਕਤ ਦੇ ਹੇਰਵੇ ਦੇ ਵਿਸ਼ਿਆਂ ਨਾਲ ਸੰਬੰਧਿਤ ਗੀਤਾਂ ਤੋਂ ਇਲਾਵਾ ਸਿੱਖੀ ਬਾਬਤ ਨੈਤਿਕ ਮਾਨਤਾਵਾਂ, ਕਲੀਆਂ ਤੇ ਲੋਕ-ਤੱਥਾਂ ਆਦਿ ਬਾਰੇ ਰਚਨਾਵਾਂ ਜਗਰੂਪ ਸਿੰਘ ਮਾਨ ਦੇ ਡੂੰਘੇ ਅਨੁਭਵਾਂ ਦੀ ਤਸਦੀਕ ਹਨ।
ਭੁੱਖਿਆਂ ਤੋਂ ਖੋਹ ਕੇ ਦਾਣੇ
ਕੀੜੀਆਂ ਨੂੰ ਪਾਏਂ ਤੂੰ
ਜੱਗ ਪਾਪਾਂ ਦ ਕਮਾਈ ਦੇ ਕਰਾਏਂ ਤੂੰ
ਦਰ ਆਏ ਨੂੰ ਨਾ ਤੈਥੋਂ ਭੋਰਾ ਖ਼ੈਰ ਸਰਦੀ
ਨਾਂ ਪੱਥਰਾਂ ’ਤੇ ਯਸ਼ ਲਈ ਖੁਦਵਾਏਂ ਤੂੰ।
*****
ਦੱਬ ਕੇ ਕਰੋ ਪੜ੍ਹਾਈਬੇਲੀਓ
ਪੇਪਰ ਆ ਗਏ ਨੇੜੇ।
ਉਹ ਨਾ ਕਦੇ ਤਰੱਕੀ ਕਰਦੇ
ਨਕਲ ਮਾਰਦੇ ਜਿਹੜੇ
ਇਸ ਤਰ੍ਹਾਂ ਦੀ ਸਮਾਜਿਕ ਚੇਤਨਾ ਪੈਦਾ ਕਰਨ ਅਤੇ ਨਰੋਈ ਸੇਧ ਦੇਣ ਵਾਲੀਆਂ ਰਚਨਾਵਾਂ ਕਰਕੇ ਜਗਰੂਪ ਸਿੰਘ ਮਾਨ ਦੇ ਗੀਤਾਂ ਦੀ ਪੁਸਤਕ ਲਈ ਲੋਕ-ਮਨਾਂ ਵਿਚ ਹਰਮਨ-ਪਿਆਰਤਾ ਬਣੀ ਰਹੇਗੀ।
ਸੁਰਜੀਤ ਸਾਜਨ
Ph: 9814904060

‘ਧੂਪ ਛਾਓਂ’-ਮਨਮੋਹਨ ਆਲਮ


ਮਖਲੂਕਾਤ ਨੂੰ ਹੀ ਉਹ ਬਹੁਤ ਸੂਖਮ ਦ੍ਰਿਸ਼ਟੀ ਨਾਲ ਦੇਖਦਾ ਹੈ

‘ਧੂਪ ਛਾਓਂ’ ਮਨਮੋਹਨ ਆਲਮ ਦੀਆਂ ਉਰਦੂ ਗ਼ਜ਼ਲਾਂ ਦਾ ਮਜਮੂਆ ਹੈ, ਜਿਸਨੂੰ ਸੁਰਿੰਦਰ ਸੋਹਲ ਨੇ ਗੁਰਮੁਖੀ ਲਿੱਪੀ ਵਿਚ ਪਰਤਾਇਆ ਹੈ। ਇਸ ਗ਼ਜ਼ਲ-ਸੰਗ੍ਰਹਿ ਨੂੰ ਸੁਖਵੰਤ ਨੇ ਆਪਣੀ ਕਲਾਮਈ ਸੂਝ ਦੀ ਏਨੀ ਗਹਿਰਾਈ ਬਖ਼ਸ਼ੀ ਹੈ ਕਿ ਪੁਸਤਕ ਦੀ ਦਿਖ ਬੜੀ ਹੀ ਖਿੱਚ ਦਾ ਕੇਂਦਰ ਬਣ ਗਈ ਹੈ। ਸ਼ਾਇਰੀ ਦੇ ਇਸ ਖ਼ਜ਼ਾਨੇ ਵਿਚ ਇਕ ਸੌ ਅਠਾਈ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਹ ਸੰਗ੍ਰਹਿ ਮਨਮੋਹਨ ਆਲਮ ਵਲੋਂ ਆਪਣੇ ਵੱਡੇ ਭਰਾ ਪ੍ਰੋ. ਬੀ ਐਮ ਭੱਲਾ ਨੂੰ ਸਮੱਰਪਿਤ ਕੀਤਾ ਗਿਆ ਹੈ।ਪਹਿਲੇ ਪੰਨਿਆਂ ਵਿਚ ਜਿੱਥੇ ਸੁਰਿੰਦਰ ਸੋਹਲ ਨੇ ਸੱਤ ਸੱਤਰਾਂ ਵਿਚ ‘ਇਹ ਸ਼ਾਇਰੀ’ ਉਨਵਾਨ ਤਹਿਤ ਸਮੁੱਚੀ ਰਚਨਾ ਦੀ ਰੂਹ ਦੇ ਦਰਸ਼ਨ ਕਰਵਾਏ ਹਨ, ਉੱਥੇ ‘ਮੇਰੇ ਲੀਏ ਸ਼ਾਇਰੀ’ ਵਿਚ ਆਲਮ ਵਲੋਂ ਸ਼ਾਇਰੀ ਵਿਚ ਆਪਣੇ ਬਾਰੇ, ਆਪਣੀ ਸ਼ਾਇਰੀ ਦੇ ਮਨੋਰਥ ਅਤੇ ਪਸਾਰ ਬਾਰੇ ਚਾਨਣਾ ਪਾਉਂਦੇ ਹੋਏ ਇਸਦੇ ਮੁਤੱਲਕ ਕੁਝ ਸ਼ਖ਼ਸੀਅਤਾਂ ਦੀ ਸ਼ੁਕਰਗੁਜ਼ਾਰੀ ਕੀਤੀ ਗਈ ਹੈ। ਹਰਪਾਲ ਸਿੰਘ ਭਿੰਡਰ (ਯੂ ਐਸ ਏ) ਵਲੋਂ ਮਨਮੋਹਨ ਆਲਮ ਨੂੰ ‘ਲਫ਼ਜ਼ਾਂ ਦਾ ਰਹਿਬਰ’ ਲਿਖਦੇ ਹੋਏ ਉਸਦੀ ਸ਼ਾਇਰੀ ਅਨੁਸਾਰ ਜੋ ਉਸਦੀ ਹੈਸੀਅਤ ਨੂੰ ਉਘਾੜਿਆ ਹੈ, ਉਸਦੀ ਕੋਈ ਮਿਸਾਲ ਦੇਣੀ ਸੰਭਵ ਨਹੀਂ। ਭਿੰਡਰ ਸਾਹਿਬ ਲਿਖਦੇ ਹਨ ਕਿ ਮਨਮੋਹਨ ਆਲਮ ਨੂੰ ਮੈਂ ਅਜੇ ਤੱਕ ਨਿੱਜੀ ਤੌਰ ’ਤੇ ਮਿਲਿਆ ਨਹੀਂ, ਪਰ ਉਹ ਨਾਂ ਦਾ ਹੀ ਆਲਮ ਨਹੀਂ, ਨਿਊਯਾਰਕ ਵਿਚ ਵਸਦਾ ਲਫ਼ਜ਼ਾਂ ਦਾ ਵੀ ਆਲਮ ਹੈ। ਉਸਦੀ ਸ਼ਾਇਰੀ ਇਸ਼ਕ ਮਜ਼ਾਜੀ ਤੋਂ ਇਸ਼ਕ ਹਕੀਕੀ ਵੱਲ ਨਹੀਂ ਜਾਂਦੀ ਸਗੋਂ ਉਸਦੇ ਇਸ ਸਫ਼ਰ ਦਾ ਆਰੰਭ ਹੀ ਇਸ਼ਕ ਹਕੀਕੀ ਤੋਂ ਹੁੰਦਾ ਹੈ।ਸਾਹਿਤ ਵਿਚ ਅਨੁਵਾਦ ਵਾਂਗ ਹੀ ਲਿੱਪੀਅੰਤਰ ਦਾ ਵੀ ਮਹੱਤਵ ਹੈ ਭਾਵੇਂ ਕਿ ਅਨੁਵਾਦ ਵਿਚ ਲਿੱਪੀਅੰਤਰ ਨਾਲੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਚਰਚਾ ਅਧੀਨ ਪੁਸਤਕ ਦਾ ਅਸਲ ਰੂਪ ਸ਼ਾਹਮੁਖੀ ਹੈ, ਪਰੰਤੂ ਗੁਰਮੁਖੀ ਲਿੱਪੀ ਵਿਚ ਲਿੱਪੀਅੰਤਰ ਹੋਣ ਨਾਲ ਇਸਦੀ ਉਹਨਾਂ ਪਾਠਕਾਂ ਤੱਕ ਪਹੁੰਚ ਬਣ ਗਈ ਹੈ, ਜਿਹੜੇ ਲੋਕ ਸ਼ਾਹਮੁਖੀ ਤੋਂ ਇਸ ਰਚਨਾ ਦਾ ਆਨੰਦ ਲੈਣ ਦਾ ਸੁਪਨਾ ਵੀ ਨਹੀਂ ਲੈ ਸਕਦੇ ਸਨ। ਮਨਮੋਹਨ ਆਲਮ ਦਾ ਜਨਮ ਭਾਵੇਂ ਪਾਕਿਸਤਾਨ ਦਾ ਹੈ, ਪਰ ਉਸਨੇ ਬੀ ਏ ਡੀ ਏ ਵੀ ਕਾਲਜ ਜਲੰਧਰ ਤੋਂ ਅਤੇ ਐਮ ਏ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਇਸ ਤਰ੍ਹਾਂ ਉਸਦਾ ਮੂਲ ਭਾਰਤੀ ਪੰਜਾਬੀ ਬਣਦਾ ਹੈ ਅਤੇ ਭਾਰਤੀ ਪੰਜਾਬੀਆਂ ਨਾਲ ਇਸ ਰਚਨਾ ਦੀ ਸਾਂਝ ਗੁਰਮੁਖੀ ਲਿੱਪੀ ਕਾਰਨ ਹੀ ਬਣੀ ਹੈ। ਕਿਤੇ ਵਜੋਂ ਮਨਮੋਹਨ ਆਲਮ ਮਨੋਵਿਗਿਆਨੀ ਹੈ, ਜਿਸ ਕਰਕੇ ਮਨੁੱਖਤਾ ਨੂੰ ਹੀ ਨਹੀਂ ਕੁਲ ਮਖਲੂਕਾਤ ਨੂੰ ਹੀ ਉਹ ਬਹੁਤ ਸੂਖਮ ਦ੍ਰਿਸ਼ਟੀ ਨਾਲ ਦੇਖਦਾ ਹੈ। ਇਹਨਾਂ ਅਨੁਭਵਾਂ ਨੂੰ ਹੀ ਉਸਨੇ ਆਪਣੀਆਂ ਗ਼ਜ਼ਲਾਂ ਵਿਚ ਢਾਲਿਆ ਹੋਇਆ ਹੈ। ਪੁਸਤਕ ਵਿਚਲੀਆਂ ਗ਼ਜ਼ਲਾਂ ਵਿਚ ਭਾਵੇਂ ਧਾਰਮਿਕ, ਸਮਾਜਿਕ, ਮਾਨਸਿਕ, ਸਭਿਆਚਾਰਕ ਜਾਂ ਰੂਹਾਨੀਅਤ ਦੀ ਗੱਲ ਕੀਤੀ ਹੋਵੇ, ਉਸਦਾ ਆਪਣਾ ਹੀ ਫਲਸਫਾਨਾ ਮੁਹਾਵਰਾ ਹੈ। ਕਾਵਿ-ਵਿਧਾਨ ਦੀ ਦ੍ਰਿਸ਼ਟੀ ਤੋਂ ਵੀ ਇਹ ਚਰਨਾ ਉੱਚ ਪਾਏ ਦੀ ਹੈ ਕਿਉਂਕਿ ਲਿੱਪੀਅੰਤਰਕਾਰ ਖ਼ੁਦ ਵੀ ਅਰੂਜ਼ ਦਾ ਗਿਆਤਾ ਹੋਣ ਕਰਕੇ, ਇਸ ਸਾਰਥਕ ਸ਼ਾਇਰੀ ਨੂੰ ਉਸਨੇ ਆਮ ਪਾਠਕ ਦੇ ਸਨਮੁਖ ਕਰਨ ਦਾ ਉੱਦਮ ਕੀਤਾ ਹੈ। ਇਹ ਪੁਸਤਕ ਹਰੇਕ ਪਾਠਕ ਨੂੰ ਉਚੇਚੇ ਤੌਰ ’ਤੇ ਪੜ੍ਹਨੀ ਚਾਹੀਦੀ ਹੈ।
ਸੁਰਜੀਤ ਸਾਜਨ
Ph: 9814904060