Saturday, February 20, 2010

ਸੁਰਜੀਤ ਸਾਜਨ-‘ਗੁਲਾਬੀ ਰੰਗ ਦੇ ਸੁਪਨੇ’

ਸੁਰਜੀਤ ਸਾਜਨ ਆਧੁਨਿਕ ਸੰਵੇਦਨਾ ਦਾ ਸ਼ਾਇਰ ਹੈ। ਉਸਦੀ ਗ਼ਜ਼ਲ ਅੱਜ ਦੀ ਗ਼ਜ਼ਲ ਹੈ। ਅੱਜ ਜੋ ਸਮੱਸਿਆਵਾਂ ਮਨੁੱਖ ਨੂੰ ਦਰਪੇਸ਼ ਹਨ, ਉਹਨਾਂ ਦਾ ਸ਼ੀਸ਼ਾ ਹਨ ਇਹ ਗ਼ਜ਼ਲਾਂ। ਅਜੋਕੇ ਮਨੁੱਖ ਦੀ ਦੁਬਿਧਾ, ਮਜਬੂਰੀ, ਬੇਬਸੀ, ਹੱਥਾਂ ’ਚੋਂ ਖਿਸਕ ਕੇ ਵਿਅਰਥ ਹੋ ਰਹੇ ਵਕਤ ਦੀ ਢੁਕਵੀਂ ਅਭਿਵਿਅਕਤੀ ਇਹਨਾਂ ਗ਼ਜ਼ਲਾਂ ਨੂੰ ਸਮੇਂ ਦਾ ਹਾਣੀ ਬਣਾਉਂਦੀ ਹੈ। ‘ਗੁਲਾਬੀ ਰੰਗ ਦੇ ਸੁਪਨੇ’ ਭਾਵੇਂ ਸੁਰਜੀਤ ਸਾਜਨ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ, ਪਰ ਰੂਪਕ ਪੱਖ ਦੀ ਪਰਪੱਕਤਾ ਅਤੇ ਖ਼ਿਆਲਾਂ ਦੀ ਪੁਖ਼ਤਗੀ ਉਸਨੂੰ ਇਕ ਸਫ਼ਲ ਗ਼ਜ਼ਲਗੋਅ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਕ ਸਥਿਤੀ ਨੂੰ ਵਖੋ-ਵਖ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਵਲ ਸ਼ਾਇਰ ਨੂੰ ਖ਼ੂਬ ਆਉਂਦਾ ਹੈ-
ਮੋਰਾਂ ਦੇ ਨੱਚਣ ਨੂੰ ਸਾਵਣ ਬਿਹਤਰ ਹੋ ਸਕਦੈ,
ਵੱਢ ਵੱਢ ਖਾਵੇ ਚੋਂਦਾ ਜੇਕਰ ਢਾਰਾ ਬੰਦੇ ਦਾ।
(ਪੰਨਾ 36)
ਜ਼ਿੰਦਗੀ ਸਾਵੀਂ ਜਿਊਣ ਦਾ ਸੁਨੇਹਾ ਸਾਜਨ-ਕਾਵਿ ਦਾ ਅਹਿਮ ਨੁਕਤਾ ਹੈ-
ਪੈੜਾਂ ਦੀ ਛਾਪ ਉੱਤੇ ਕਿੰਤੂ ਨਾ ਕਿਧਰੇ ਹੋਵੇ,
ਏਦਾਂ ਦੀ ਤੋਰ ਰੱਖੀਂ ਏਦਾਂ ਦੀ ਚਾਲ ਰੱਖੀਂ।
(ਪੰਨਾ 21)
ਸੁਰਜੀਤ ਸਾਜਨ ਦੀ ਸ਼ਾਇਰੀ ਵਿਚ ਮਨੋਵਿਗਿਆਨ ਦਾ ਪੱਖ ਅਛੋਪਲੇ ਜਿਹੇ ਹੀ ਉਘੜ ਆਉਂਦਾ ਹੈ। ਆਲੇ-ਦੁਆਲੇ ਦੇ ਨਜ਼ਾਰਿਆਂ ਦਾ ਪ੍ਰਭਾਵ ਮਨ ਦੀ ਅਵਸਥਾ ਨਾਲ ਉੱਕਾ ਹੀ ਬਦਲ ਜਾਂਦਾ ਹੈ। ਜੇਕਰ ਮਨ ਦੀ ਅਵਸਥਾ ਅਖੌਤੀ ਬੰਦਨਾਂ, ਅਖੌਤੀ ਸਿਆਣਪਾਂ, ਅਖੌਤੀ ਫਲਸਫਿਆਂ, ਊਚਾਣਾ-ਨਿਵਾਣਾ ਤੋਂ ਪਾਰ ਹੋ ਜਾਵੇ ਤਾਂ ਚੰਗੇ-ਮਾੜੇ ਵਰਤਾਰੇ ਦਾ ਪ੍ਰਭਾਵ ਬਿਲਕੁਲ ਹੀਣ ਹੋ ਸਕਦਾ ਹੈ-
ਜੇ ਉੱਚੇ ਉਠ ਗਏ ਹੁੰਦੇ ਖ਼ਿਆਲਾਂ ਤੋਂ ਵਿਚਾਰਾਂ ਤੋਂ,
ਦੁਖੀ ਕਰਦਾ ਨਾ ਸਾਨੂੰ ਜਿੱਤ ਦੀ ਥਾਂ ਹਾਰ ਦਾ ਪੱਤਰ।
(ਪੰਨਾ 37)
ਸਥਿਤੀਆਂ-ਪ੍ਰਸਥਿਤੀਆਂ ਦਾ ਸੂਖਮਤਾ ਨਾਲ ਅਧਿਐਨ ਕਰਦਾ ਸ਼ਾਇਰ ਹਰ ਹਾਲ ਵਿਚ ਆਪਣੀ ਚੇਤਨਾ ਨੂੰ ਕਾਇਮ ਰੱਖਦਾ ਹੈ। ਉਸਨੂੰ ਇਕੱਲਤਾ ਦਾ ਫ਼ਿਕਰ ਤਾਂ ਹੈ, ਪਰ ਉਹ ਇਸ ਤੋਂ ਭੈਅ-ਭੀਤ ਹੋ ਕੇ ਬੇਵਜਾ ਇਸ ਦਾ ਦੋਸ਼ੀ ਹੋਰ ਕਿਸੇ ਨੂੰ ਠਹਿਰਾਉਣ ਦੇ ਹੱਕ ਵਿਚ ਨਹੀਂ। ਆਪਣੀ ਇਕੱਲਤਾ ਵਿਚ ਉਹ ਆਤਮ-ਚਿੰਤਨ ਦਾ ਰਾਹ ਅਪਣਾਉਂਦਾ ਪ੍ਰਤੀਤ ਹੁੰਦਾ ਹੈ-
ਆਪਣਾ ਹੀ ਪਰਛਾਵਾਂ ਹੁਣ ਤਾਂ ਨਾਲ ਨਹੀਂ,
ਦਿਲਦਾਰਾਂ ’ਤੇ ਦੋਸ਼ ਧਰਾਂਗੇ ਫੇਰ ਕਿਤੇ।
(ਪੰਨਾ 42)
ਸ਼ਾਇਰ ਇਸ ਫ਼ਿਕਰ ਵਿਚ ਗ੍ਰੱਸਿਆ ਹੋਇਆ ਹੈ ਕਿ ਉਸਦੇ ਦੇਸ਼ ਵਿਚ ਪੈਦਾ ਹੋ ਰਹੀ ਪ੍ਰਤਿਭਾ ਨੂੰ ਦੇਸ਼ ਕਿਉਂ ਨਹੀਂ ਪਹਿਚਾਣਦਾ। ਹਰ ਰੌਸ਼ਨ-ਦਿਮਾਗ਼ ਨੂੰ ਦੂਸਰੇ ਮੁਲਕ ਦੇ ਲੋਕ ਹਰ ਕੀਮਤ ’ਤੇ ਵਿਹਾਜ ਲੈਂਦੇ ਹਨ। ਆਪਣਾ ਮੁਲਕ ਰੌਸ਼ਨ-ਦਿਮਾਗ਼ ਤੋਂ ਵਿਰਵਾ ਹੋ ਕੇ ਫਿਰ ਹਨ੍ਹੇਰਾ ਢੋਂਹਦਾ ਰਹਿੰਦਾ ਹੈ-
ਦੇਸ਼ ਵਾਸੀ ਆਪਣੀ ਨੀਂਦਰ ਤੋਂ ਜੋ ਵੀ ਜਾਗਿਆ,
ਓਸ ਨੂੰ ਸਾਂਭਣ ਲਈ ਹਥਿਆ ਲਿਆ ਪਰਵਾਸ ਨੇ।
(ਪੰਨਾ 44)
ਜੋ ਖ਼ੂਬਸੂਰਤੀ ਪਰਦੇ ਵਿਚ ਹੈ, ਉਹ ਬੇਪਰਦ ਹੋ ਕੇ ਖ਼ਤਮ ਨਹੀਂ ਹੁੰਦੀ, ਸਗੋਂ ਬਦਸੂਰਤ ਹੋ ਨਿਬੜਦੀ ਹੈ। ਮੰਡੀ ਦੇ ਪ੍ਰਚਾਰਕ ਸਿਨੇਮੇ ਅਤੇ ਟੀ ਵੀ ਨੇ ਕੁਦਰਤ ਦੀ ਅਲਿਖ, ਅ-ਕਹੀ, ਅਬਿਆਨੀ ਖ਼ੂਬਸੂਰਤੀ ਦੀ ਪ੍ਰਤੀਕ ਔਰਤ ਨੂੰ ਬੇਪਰਦਾ ਕਰਕੇ ਔਰਤ ਜ਼ਾਤੀ ਨਾਲ ਕੋਹਝਾ ਮਜ਼ਾਕ ਕੀਤਾ ਹੈ। ਪਰਦਾ-ਦਰ-ਪਰਦਾ ਉਤਾਰ ਕੇ ਮਨੁੱਖ ਨੇ ਕੁਦਰਤ ਦੇ ਰਹੱਸਾਂ ਨੂੰ ਫਰੋਲਦੇ ਫਰੋਲਦੇ ਖ਼ਾਤਮੇ ਦੀ ਹੱਦ ਤੱਕ ਤਾਂ ਲੈ ਹੀ ਆਂਦਾ ਹੈ, ਇਸੇ ਤਰ੍ਹਾਂ ਔਰਤ ਦੇ ਪਰਦੇ ਵਿਚ ਛੁਪੇ ਖ਼ੂਬਸੂਰਤੀ ਦੇ ਰਹੱਸ ਦੀ ਉਤਸੁਕਤਾ ਨੂੰ ਬਿਲਕੁਲ ਖ਼ਤਮ ਕਰਕੇ ਇਸ ਦੀ ਤਾਂਘ ਤੇ ਕਸ਼ਿਸ਼ ਦੇ ਅਦਭੁਤ ਆਲਮ ਨੂੰ ਨੀਰਸ ਬਣਾ ਦਿੱਤਾ ਹੈ-
ਟੀ ਵੀ ’ਤੇ ਆਉਂਦੀਆਂ ਨੇ ਇੰਝ ਬੇਲਿਬਾਸ ਕੁੜੀਆਂ।
ਤਹਿਜ਼ੀਬ ਦੇ ਮੁਕਾ ਕੇ ਛੱਡਣੇ ਸਵਾਸ ਕੁੜੀਆਂ।
(ਪੰਨਾ 61)
ਸਭਿਆਚਾਰ ਦੇ ਨਾਂ ਦੇ ਹੋਰ ਰਹੇ ਅਸਭਿਆ ਵਰਤਾਰਿਆਂ ਤੋਂ ਸ਼ਾਇਰ ਡਾਢਾ ਪਰੇਸ਼ਾਨ ਹੈ-
ਬਾਂਦਰ-ਟਪੂਸੀਆਂ ’ਤੇ ਲੱਗੇ ਨੰਗੇਜਵਾਦੀ,
ਪਰਚਾਰ ਕਰ ਰਹੇ ਨੇ-ਵਿਰਸਾ ਸੰਭਾਲਦੇ ਹਾਂ।
(ਪੰਨਾ 49)
ਮਸ਼ੀਨਾਂ ਨੇ ਮਨੁੱਖ ਦਾ ਕੀਮਤੀ ਸਰਮਾਇਆ ਉਸਦਾ ਆਤਮ-ਵਿਸ਼ਵਾਸ ਖੀਣ ਕਰ ਦਿੱਤਾ ਹੈ-
ਪੰਜਾਂ ਵੀਹਾਂ ਦਾ ਸੌ ਹੋਊ ਯਕੀਨ ਨਹੀਂ,
ਮਗਜ਼ ’ਤੇ ਏਨਾ ਕਬਜ਼ਾ ਕੈਲਕੁਲੇਟਰ ਦਾ।
(ਪੰਨਾ 87)
ਨਿੱਤ ਜ਼ਿੰਦਗੀ ਦੇ ਸਰੋਕਾਰਾਂ ਨਾਲ ਲਬਰੇਜ਼ ਸਾਜਨ-ਕਾਵਿ ਅਤਿ ਸੰਵੇਦਨਸ਼ੀਲ ਅਤੇ ਨਾਜ਼ੁਕਤਾ ਭਰਪੂਰ ਹੈ। ਸਾਦਾ ਜ਼ਬਾਨ ਵਿਚ ਨਾਜ਼ੁਕ ਖ਼ਿਆਲੀ ਦੀ ਉਦਾਹਰਣ ਦੇਖਣਯੋਗ ਹੈ-
ਵੇਖਣ ਨੂੰ ਸੀ ਖ਼ੁਸ਼ਕ ਸਮੁੰਦਰ,
ਠੋਕਰ ’ਤੇ ਭਰ ਆਈਆਂ ਅੱਖਾਂ।
(ਪੰਨਾ 79)
ਫੁਲਝੜੀਆਂ ਦਾ ਹੁੰਦਾ ਸੀ ਇਕ ਸ਼ੌਕ ਬੜਾ,
ਹੁਣ ਤਾਂ ਲਿਸ਼ਕਾਂ ਅਕਸਰ ਮੈਨੂੰ ਦੇਣ ਡਰਾ।
(ਪੰਨਾ 81)
ਨਿੱਤ ਦੀਆਂ ਥੁੜਾਂ ਦਾ ਰਿਸ਼ਤਿਆਂ ਵਿਚ ਵਧੀਆਂ ਦੂਰੀਆਂ ਨਾਲ ਬਹੁਤ ਗਹਿਰਾ ਸੰਬੰਧ ਹੈ। ਜੀਵਨ ਦੀ ਇਸ ਕਠੋਰ ਸੱਚਾਈ ਨੂੰ ਸ਼ਾਇਰ ਇਕ ਹੀ ਸ਼ਿਅਰ ਰਾਹੀਂ ਵਿਅੰਗਮਈ ਅੰਦਾਜ਼ ਵਿਚ ਬਾਖ਼ੂਬੀ ਬਿਆਨ ਕਰ ਜਾਂਦਾ ਹੈ-
ਮੈਥੋਂ ਤੇਰੀ ਦੂਰੀ ਏਦਾਂ ਵਧ ਚਲੀ,
ਜੀਕੂੰ ਭਾਅ ਵਧਦਾ ਹੈ ਗੈਸ-ਸਿਲੰਡਰ ਦਾ।
(ਪੰਨਾ 87)
ਇਹੋ ਜਿਹੀ ਵਧ ਰਹੀਆਂ ਦਿਲਾਂ ਦੀਆਂ ਦੂਰੀਆਂ ਦੀ ਰੁੱਤ ਵਿਚ ਬਿਜਲਈ ਸਾਧਨਾ ਨਾਲ ਘੱਟ ਰਹੀਆਂ ਦੂਰੀਆਂ ਨਿਰਾ ਮਖੌਲ ਹੀ ਜਾਪਦੀਆਂ ਹਨ। ਇਸ ਕਰਕੇ ਵਿਅੰਗਾਤਮਕ ਨਾ ਹੁੰਦੇ ਹੋਏ ਵੀ, ਇਸ ਸ਼ਿਅਰ ਵਿਚ ਵਿਅੰਗ ਛੁਪਿਆ ਪ੍ਰਤੀਤ ਹੁੰਦਾ ਹੈ-
ਵੈੱਬ-ਸਾਈਟ ਵਿਚ ਸੱਤ ਸਮੁੰਦਰ ਸਿਮਟ ਗਏ,
ਦੂਰੀ ਦਾ ਰਕਬਾ ਬਸ ਅੱਖਰ ਅੱਖਰ ਦਾ।
(ਪੰਨਾ 88)
ਮਨ ਅੰਦਰਲੇ ਘੁੱਗੀਆਂ-ਮੋਰਾਂ ਵਰਗੇ ਮਰ ਰਹੇ ਸੁਪਨਿਆਂ ਦਾ ਫ਼ਿਕਰ ਉਸਦੀ ਸ਼ਾਇਰੀ ਦਾ ਇਕ ਹੋਰ ਖ਼ਾਸਾ ਹੈ। ਉਸਨੂੰ ਉਹਨਾਂ ਅਦੀਬਾਂ ਬਾਰੇ ਗਿਲਾ ਹੈ, ਜਿਹਨਾਂ ਨੇ ਇਹਨਾਂ ਮਰ ਰਹੇ ਸੁਪਨਿਆਂ ਨੂੰ ਅਣਗੌਲਿਆਂ ਕੀਤਾ ਹੈ-
ਕੱਚੀਆਂ ਕੰਧਾਂ ’ਤੇ ਚਿਤਰੇ ਘੁੱਗੀਆਂ ਤੇ ਮੋਰ ਜੋ,
ਦਰਦ ਉਹਨਾਂ ਦਾ ਕਿਸੇ ਸ਼ਾਇਰ ਨੇ ਕਿਉਂ ਲਿਖਿਆ ਨਹੀਂ।
(ਪੰਨਾ 63)
ਇਸੇ ਕਰਕੇ ਸ਼ਾਇਰ ਉਸ ਧਿਰ ਨਾਲ ਖਲੋਣਾ ਆਪਣਾ ਫ਼ਰਜ਼ ਸਮਝਾ ਹੈ ਤਾਂ ਕਿ ਉਸ ਉੱਤੇ ਵੀ ਇਹ ਇਲਜ਼ਾਮ ਨਾ ਆਵੇ-
ਉਹਨਾਂ ਮਾਸੂਮ ਬੁੱਲ੍ਹਾਂ ’ਤੇ ਕਿਵੇਂ ਗੀਤਾਂ ਦੇ ਸੁਰ ਥਿਰਕਣ,
ਜਿਨ੍ਹਾਂ ਦੀ ਛੰਨ ’ਤੇ ਮੀਂਹ ਅੱਗ ਦਾ ਵਰਦਾ ਰਿਹਾ ਅਕਸਰ।
(ਪੰਨਾ 15)
ਖ਼ਬਰ ਹੋਈ ਨਾ ਅੰਬਰ ਨੂੰ ਨਾ ਹੋਵੇਗੀ ਕਦੇ ਸ਼ਾਇਦ,
ਕਿ ਧਰਤੀ ’ਤੇ ਕੀ ਵਾਪਰਦਾ ਰੋਜ਼ਾਨਾ ਖ਼ੁਦਕੁਸ਼ੀ ਵਰਗਾ।
(ਪੰਨਾ 23)
ਸ਼ਾਇਰ ਦੀ ਦਿਲੀ ਤਮੰਨਾ ਹੈ ਕਿ ਉਹ ਆਪਣੀ ਸ਼ਾਇਰੀ ਨਾਲ ਏਨਾ ਇਕਮਿਕ ਹੋ ਜਾਵੇ ਕਿ ਸ਼ਾਇਰੀ ਹੀ ਉਸਦਾ ਸਿਰਨਾਵਾਂ ਹੋ ਜਾਵੇ-
ਗ਼ਜ਼ਲਾਂ ਹੀ ਹੋ ਜਾਵਣ ਮੇਰਾ ਸਿਰਨਾਵਾਂ,
ਇਸ ਖ਼ਾਹਿਸ਼ ਨੇ ਬੋਲ ਉਚਾਰੇ ਚਾਵਾਂ ਵਿਚ।
(ਪੰਨਾ 34)
‘ਗੁਲਾਬੀ ਰੰਗ ਦੇ ਸੁਪਨੇ’ ਸੁਰਜੀਤ ਸਾਜਨ ਨੂੰ ਇਕ ਪ੍ਰੌਢ ਸ਼ਾਇਰ ਵਜੋਂ ਪੇਸ਼ ਕਰਦੀ ਪੁਸਤਕ ਹੈ। ਇਸ ਗੱਲ ਦਾ ਸ਼ਾਇਦ ਸ਼ਾਇਰ ਨੂੰ ਵੀ ਇਹਸਾਸ ਹੈ, ਇਸੇ ਕਰਕੇ ਇਸ ਕਿਤਾਬ ਨੂੰ ਉਸਨੇ ਭੂਮਿਕਾ ਦੀ ਥੰਮੀ ਦੇਣ ਦੀ ਜ਼ਰੂਰਤ ਨਹੀਂ ਸਮਝੀ। ਭੂਮਿਕਾ ਦੀ ਥਾਂ ਸਿਰਫ਼ ਸੁਰਜੀਤ ਪਾਤਰ ਦੇ ਦੋ ਸ਼ਿਅਰ ਦਿੱਤੇ ਗਏ ਹਨ। ਅੰਤ ਵਿਚ ਇਬਲੀਸ ਵਲੋਂ ਲਿਖਿਆ ਗਿਆ ਸ਼ਾਇਰ ਦਾ ਕਾਵਿ-ਚਿੱਤਰ। ਇਹ ਗ਼ਜ਼ਲ ਸੰਗ੍ਰਹਿ ਆਪਣੀਆਂ ਗ਼ਜ਼ਲਾਂ ਦੇ ਬਲਬੂਤੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਆਪਣਾ ਮੁਕਾਮ ਹਾਸਿਲ ਕਰੇਗਾ, ਇਹ ਮੇਰਾ ਯਕੀਨ ਹੈ।ਇਹ ਕਿਤਾਬ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ ਬਹੁਤ ਹੀ ਖ਼ੂਬਸੂਰਤ ਦਿੱਖ ਵਿਚ ਛਾਪੀ ਗਈ ਹੈ।
ਸੁਰਿੰਦਰ ਸੋਹਲ

1 comment:

  1. 'Gulabi Rang Supne'te Sarthik review vaste Sohal Sahib da ate khubsurt site li Sajan ji da Sukria.

    ReplyDelete