Saturday, June 26, 2010

ਬਲੀ (ਨਾਵਲ)

ਬਲੀ (ਨਾਵਲ)
ਲੇਖਕ:ਹਰਮਹਿੰਦਰ ਚਹਿਲ
(ਫੋਨ:703-362-3239)


ਪ੍ਰਕਾਸ਼ਕ: ਸ਼ਿਵ ਪ੍ਰਕਾਸ਼ਨ, ਜਲੰਧਰ
ਪੰਨੇ: 240 ਮੁੱਲ: 205 ਰੁਪਏ



ਬਹੁਤ ਘੱਟ ਲੇਖਕਾਂ ਦੇ ਹਿੱਸੇ ਆਉਂਦਾ ਹੈ ਕਿ ਉਹਨਾ ਦੀ ਪਹਿਲੀ ਪੁਸਤਕ ਹੀ ਪਾਠਕ ਜਗਤ ਦਾ ਉਚੇਚਾ ਧਿਆਨ ਖਿੱਚ ਲਵੇ। ਅਜਿਹੇ ਖੁਸ਼ਕਿਸਮਤ ਲੇਖਕ ਜਾਂ ਤਾਂ ਅਸਾਧਾਰਣ ਪ੍ਰਤਿਭਾ ਦੇ ਮਾਲਕ ਹੁੰਦੇ ਹਨ ਅਤੇ ਜਾਂ ਫਿਰ ਉਹਨਾਂ ਦੀ ਪੁਸਤਕ ਵਿੱਚ ਹੀ ਕੋਈ ਅਜਿਹੀ ਖਾਸ ਗੱਲ ਹੁੰਦੀ ਹੈ ਜੋ ਨਿਸ਼ਚਤ ਸਮੇਂ ਸਥਾਨ ਦੇ ਪ੍ਰਸੰਗ ਵਿੱਚ ਉਸਨੂੰ ਗੌਲਣਯੋਗ ਬਣਾ ਦਿੰਦੀ ਹੈ।ਅਮਰੀਕਾ ਵਸਦੇ ਲੇਖਕ ਹਰਮਹਿੰਦਰ ਚਹਿਲ ਦੇ ਪਲੇਠੀ ਦੇ ਨਾਵਲ ‘ਬਲੀ’ ਦੇ ਸਬੰਧ ਵਿੱਚ ਦੂਜੀ ਗੱਲ ਵਧੇਰੇ ਸਹੀ ਹੈ।ਹਰਮਹਿੰਦਰ ਚਹਿਲ ਪੰਜਾਬੀ ਸਿਰਜਣਾਤਮਕ ਸਾਹਿਤ ਦੇ ਜਗਤ ਲਈ ਬਿਲਕੁਲ ਨਵਾਂ ਨਾਉਂ ਹੈ ਅਤੇ ਜੇ ਉਸਦਾ ਨਾਵਲ ਪ੍ਰਕਾਸ਼ਤ ਹੋਣ ਦੇ ਝੱਟ ਪਿੱਛੋਂ ਗੰਭੀਰ ਸਾਹਿਤਕ ਹਲਕਿਆਂ ਦਾ ਧਿਆਨ ਖਿੱਚ ਰਿਹਾ ਹੈ ਤਾਂ ਇਸ ਦਾ ਕਾਰਨ ਇਹ ਨਹੀਂ ਕਿ ਇਸ ਦੇ ਰਾਹੀਂ ਕੋਈ ਅਸਾਧਾਰਨ ਤੌਰ ਤੇ ਨਵੇਕਲੀ ਪ੍ਰਤਿਭਾ ਵਾਲਾ ਨਵਾਂ ਲੇਖਕ ਨਮੂਦਾਰ ਹੋਇਆ ਹੈ, ਸਗੋਂ ਇਹ ਹੈ ਕਿ ਇਸ ਵਿੱਚ ਜਿਸ ਵਿਸ਼ੈ-ਵਸਤੂ ਦੀ ਪੇਸ਼ਕਾਰੀ ਹੋਈ ਹੈ, ਉਸਦੀ ਪੰਜਾਬੀ ਸਾਹਿਤ-ਜਗਤ ਨੂੰ ਉਡੀਕ ਬਣੀ ਹੋਈ ਸੀ।ਮੰਨਿਆਂ ਜਾਂਦਾ ਹੈ ਕਿ ਕਿਸੇ ਵੀ ਦੇਸ਼ ਜਾਂ ਸਮੂਹ ਦੇ ਜਨ-ਜੀਵਨ ਵਿੱਚ ਵਾਪਰੇ ਵੱਡੇ ਸਾਕਿਆਂ ਜਾਂ ਹਾਦਸਿਆਂ ਵਿੱਚੋਂ ਸਮੇਂ ਦੀ ਇੱਕ ਵਿੱਥ ਤੋਂ ਹੀ ਚੰਗੀ ਸਾਹਿਤ-ਸਿਰਜਣਾ ਸੰਭਵ ਹੁੰਦੀ ਹੈ।ਜਦਕਿ ਤੱਟ ਫੱਟ ਦੇ ਸਾਹਿਤਕ ਪ੍ਰਤੀਕਰਮ ਵਿੱਚ ਬਹੁਤ ਕੁਝ ਅਜਿਹਾ ਰਲ ਜਾਂਦਾ ਹੈ ਜੋ ਅਕਸਰ ਰਚਨਾ ਨੂੰ ਚਿਰਕਾਲੀ ਮਹੱਤਵ ਤੋਂ ਵਾਂਝਿਆਂ ਕਰ ਦਿੰਦਾ ਹੈ।ਸੰਤਾਲੀ ਦੇ ਦੇਸ਼-ਵੰਡ ਬਾਰੇ ਭਾਰਤੀ ਭਾਸ਼ਾਵਾਂ ਵਿੱਚ ਵਧੇਰੇ ਜ਼ਿਕਰਯੋਗ ਰਚਨਾਵਾਂ ਦੁਖਾਂਤ ਦੇ ਵਾਪਰਨ ਤੋਂ ਕਈ ਦਹਾਕੇ ਮਗਰੋਂ ਆਈਆਂ ਹਨ।ਇਹੀ ਗੱਲ ਪੰਜਾਬ ਸੰਤਾਪ ਦੇ ਵਰ੍ਹਿਆਂ ਨਾਲ ਸਬੰਧਤ ਰਚਨਾਵਾਂ ਬਾਰੇ ਕਲਪੀ ਜਾ ਸਕਦੀ ਹੈ।ਸਾਕਾ ਨੀਲਾ ਤਾਰਾ ਦੇ ਅੱਗੜ-ਪਿੱਛੜ ਦੇ ਵਰ੍ਹਿਆਂ ਵਿੱਚ ਅਤਿਵਾਦ, ਵੱਖਵਾਦ ਜਾਂ ਖਾੜਕੂਪੁਣੇ ਦੇ ਹਵਾਲੇ ਨਾਲ ਜੋ ਸਰਕਾਰੀ, ਗੈਰ-ਸਰਕਾਰੀ ਝੱਖੜ ਝੁਲਿਆ, ਉਸ ਬਾਰੇ ਸਾਡੀ ਜ਼ੁਬਾਨ ਵਿੱਚ ਤੱਤਕਾਲ ਵਿੱਚ ਹੀ ਅਵੱਸ਼ ਕਈ ਮਹੱਤਵਪੂਰਨ ਰਚਨਾਵਾਂ ਸਾਹਮਣੇ ਆਈਆਂ ਸਨ ਅਤੇ ਉਹਨਾਂ ਉੱਪਰ ਚਰਚਾ ਵੀ ਹੋਈ ਸੀ।ਤਦ ਵੀ ਇਸ ਦੁਖਾਂਤ ਉੱਪਰ ਇੱਕ ਵਿੱਥ ਤੋਂ ਸਿਰਜਣਾਤਮਕ ਝਾਤ ਪਾਉਣ ਦੀ ਲੋੜ ਬਣੀ ਹੋਈ ਹੈ।ਸ਼ਾਇਦ ਏਸੇ ਲਈ ਪੰਜਾਬ ਸੰਤਾਪ ਬਾਰੇ ਰਚਨਾਵਾਂ ਕਰਨ ਵਾਲੇ ਪ੍ਰਮਾਣਕ ਹਸਤਾਖਰ ਮੰਨੇ ਜਾਂਦੇ ਵਰਿਆਮ ਸੰਧੂ ਨੇ ਵਰ੍ਹਿਆਂ ਪਿੱਛੋਂ ਛਪੀ ਆਪਣੀ ਸੱਜਰੀ ਕਥਾ-ਰਚਨਾ ‘ਰਿਮ ਝਿਮ ਪਰਬਤ’ ਵਿੱਚ ਇਸ ਵਿਸ਼ੇ ਨੂੰ ਮੁੜ ਛੋਹਣਾ ਉਚਿਤ ਸਮਝਿਆ ਹੈ।ਹਰਮਹਿੰਦਰ ਚਹਿਲ ਦੇ ਨਾਵਲ ਨੇ ਵੀ ਕਿਉਂਕਿ ਸਮੇਂ ਦੀ ਦੂਰੀ ਤੋਂ ਇਸ ਦੁਖਾਂਤ ਦੀ ਬਾਤ ਪਾਈ ਹੈ ਅਤੇ ਸਮਕਾਲ ਵਿੱਚ ਇਸ ਵਿਸ਼ੇ ਨੂੰ ਛੋਹਣ ਵਾਲਾ ਇਹ ਪਹਿਲਾ ਨਾਵਲ ਹੈ, ਏਸੇ ਲਈ ਆਪਣੇ ਵਿਸ਼ੇ-ਵਸਤੂ ਕਾਰਨ ਹੀ ਇਹ ਇੱਕ ਗੌਲੇ ਜਾਣ ਵਾਲੀ ਰਚਨਾ ਬਣ ਜਾਂਦਾ ਹੈ।ਅਮਰੀਕਾ ਵਰਗੇ ਦੇਸ਼ ਵਿੱਚ ਸਮੇਂ ਸਥਾਨ ਦੀ ਵਿੱਥ ਨੇ ਉੱਥੇ ਵਸਦੇ ਬਹੁਤੇ ਪੰਜਾਬੀਆਂ ਨੂੰ ਤਾਂ ਪੰਜਾਬ ਦੇ ਅੱਸੀਵਿਆਂ ਦੇ ਸੰਤਾਪ ਦੇ ਸਬੰਧ ਵਿੱਚ ਉਹ ਨਿਰਪੇਖ ਸੋਚਣੀ ਪ੍ਰਦਾਨ ਨਹੀਂ ਕੀਤੀ, ਜਿਸਦੀ ਕਿ ਆਸ ਕੀਤੀ ਜਾਣੀ ਚਾਹੀਦੀ ਸੀ।ਪਰ ਲੇਖਕ ਹਰਮਹਿੰਦਰ ਚਹਿਲ ਨੇ ਅਵੱਸ਼ ਅਮਰੀਕਾ ਵਿੱਚ ਰਹਿੰਦਿਆਂ ਹੋਇਆਂ ਆਪਣੇ ਅਨੁਭਵ ਨੂੰ ਸਮੇਂ ਦੀ ਸਾਣ ਉੱਤੇ ਲਾ ਕੇ, ਨਿੱਜੀ ਦੁੱਖ ਸੁੱਖ ਚੋਂ ਉਭਰਦੀ ਰੋਹ ਜਾਂ ਰੁਦਣ ਦੀ ਭਾਵਕਤਾ ਉਪਭਾਵਕਤਾ ਤੋਂ ਦੂਰ ਰਹਿਕੇ ਜੋ ਨਾਵਲ ਲਿਖਿਆ ਹੈ, ਉਹ ਉਸਦੀ ਨਿਰਪੇਖ ਯਥਾਰਥਕ ਸੂਝ ਬੂਝ ਦਾ ਭਰਵਾਂ ਪ੍ਰਮਾਣ ਪੇਸ਼ ਕਰਦਾ ਹੈ।ਇੰਝ ਨਾਵਲ ਦੇ ਗੌਲਣਯੋਗ ਰਚਨਾ ਬਣਨ ਵਿੱਚ ਇਸਦੇ ਵਿਸ਼ੈ-ਵਸਤੂ ਦਾ ਹੀ ਨਹੀਂ, ਇੱਕ ਹੱਦ ਤੱਕ ਇਸ ਦੀ ਪੇਸ਼ਕਾਰੀ ਦੀ ਜੁਗਤ ਦਾ ਵੀ ਯੋਗਦਾਨ ਹੈ।ਇੱਕ ਗੁੰਦਵੀਂ ਕਥਾ ਰਾਹੀਂ ਤਥਾਕਥਿਤ ਖਾੜਕੂਵਾਦ ਦੀ ਲਹਿਰ ਦੇ ਉਥਾਨ, ਇਸਦੀ ਚੜ੍ਹਤ, ਆਮ ਲੋਕਾਂ ਦੇ ਜੀਵਨ ੳੁੱਤੇ ਇਸਦੇ ਪ੍ਰਭਾਵ, ਸਰਕਾਰੀ ਮਸ਼ੀਨਰੀ ਦੀ ਕਾਰਗੁਜਾਰੀ, ਨੇਤਾਵਾਂ ਦੇ ਕਿਰਦਾਰ ਆਦਿ ਦੀਆਂ ਦਿਸਦੀਆਂ ਤੇ ਲੁਕਵੀਆਂ ਪਰਤਾਂ ਨੂੰ ਲੇਖਕ ਨੇ ਨਾਵਲ ਵਿੱਚ ਇੰਝ ਸਮੋਇਆ ਹੈ ਜਿਵੇਂ ਕਿ ਉਹ ਇਸ ਵਿਸ਼ੇ ਉੱਤੇ ਕੋਈ ਵਿਉਂਤਬੱਧ ਖੋਜ ਦੇ ਪਰਿਣਾਮ ਪੇਸ਼ ਕਰ ਰਿਹਾ ਹੋਵੇ।ਇਤਿਹਾਸ, ਰਾਜਨੀਤੀ ਜਾਂ ਸਮਾਜ ਵਿਗਿਆਨ ਦੇ ਵਿਸ਼ੇ ਨਾਲ ਜੁੜੀ ਇਸ ਤਰਾਂ ਦੀ ਖੋਜ ਵਿਚਲੇ ਤੱਥਾਤਮਕ ਸਿੱਟਿਆਂ ਨੂੰ ਕਿਸੇ ਸਕਾਲਰ ਵੱਲੋਂ ਰੌਚਿਕ ਬਿਰਤਾਂਤਕ ਸੰਗਠਨ ਵਿੱਚ ਢਾਲ ਸਕਣਾ ਸੰਭਵ ਨਹੀਂ।ਇਸ ਮੰਤਵ ਲਈ ਕੋਈ ਸਿਰਜਕ ਦਰਕਾਰ ਹੁੰਦਾ ਹੈ, ਜੋ ਪ੍ਰਾਪਤ ਤੱਥਾਂ ਨੂੰ ਮਾਨਵੀ ਸੰਵੇਦਨਾ ਦੀਆਂ ਛੋਹਾਂ ਵੀ ਦੇ ਸਕਦਾ ਹੋਵੇ।ਹਰਮਹਿੰਦਰ ਚਹਿਲ ਨੇ ਇਤਿਹਾਸਕ ਬਿਰਤਾਂਤ ਨੂੰ ਮਾਨਵੀ ਛੋਹਾਂ ਦੇਣ ਵਾਲਾ ਇਹ ਕਾਰਜ ਬਾਖੂਬੀ ਨਿਭਾਇਆ ਹੈ।ਇੱਕ ਗਲਪਕਾਰ ਵਜੋਂ ਪੰਜਾਬ ਸੰਤਾਪ ਦੇ ਤੱਥਾਤਮਕ ਵੇਰਵਿਆਂ ਨੂੰ ਜੋ ਮਾਨਵੀ ਛੋਹਾਂ ਲੇਖਕ ਨੇ ਦਿੱਤੀਆਂ ਹਨ, ਉਹਨਾਂ ਕਰਕੇ ਨਾਵਲ ਇੱਕ ਅਜਿਹੀ ਰਚਨਾ ਬਣ ਗਿਆ ਹੈ ਜਿਸ ਦਾ ਪਾਠ ਸੰਵੇਦਨਸ਼ੀਲ ਪਾਠਕ ਨੂੰ ਬੇਚੈਨ ਕਰਨ ਦੇ ਸਮੱਰਥ ਹੈ।ਨਾਵਲ ਦੀ ਕਹਾਣੀ ਦਾ ਵਡੇਰਾ ਭਾਗ ਗੁਰਲਾਭ ਨਾਂ ਦੇ ਤਥਾਕਥਿਤ ਖਾੜਕੂ ਦੀਆਂ ਕਾਰਗੁਜਾਰੀਆਂ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲੇ ਪਾਤਰਾਂ ਦੀ ਹੋਣੀ ਨੂੰ ਦਰਸਾਉਂਦਾ ਹੈ।ਉਸ ਰਾਹੀਂ ਚੰਗੇ ਮੰਦੇ ਚਰਿੱਤਰ ਵਾਲੇ ਸਾਧਾਰਨ ਤੇ ਗੈਰਮਾਮੂਲੀ ਕਈ ਤਰਾਂ ਦੇ ਹੋਰ ਪਾਤਰ ਵੀ ਸਾਹਵੇਂ ਆਉਂਦੇ ਹਨ ਜੋ ਖਾੜਕੂਵਾਦ ਦੇ ਮਸਲੇ ਨੂੰ ਉਭਾਰਦੇ ਹਨ।ਲੇਖਕ ਨੇ ਤਥਾਕਥਿਤ ਖਾੜਕੂਆਂ ਦੀਆਂ ਵੱਖ ਵੱਖ ਟੋਲੀਆਂ ਦੇ ਉਦੇਸ਼ਾਂ ਤੇ ਉਹਨਾ ਦੀਆਂ ਕਾਰਗੁਜਾਰੀਆਂ ਵਿੱਚ ਸਪਸ਼ਟ ਭਾਂਤ ਨਿਖੇੜਾ ਕੀਤਾ ਹੈ।ਗੁਰਲਾਭ ਭਾਵੇਂ ਵੱਡੇ ਵੱਡੇ ਐਕਸ਼ਨ ਨੇਪਰੇ ਚਾੜਨ ਵਾਲਾ ਖਾੜਕੂ ਹੈ ਪਰ ਹਕੀਕਤ ਵਿੱਚ ਉਹ ਬਦਮਾਸ਼ਾਂ ਦੀ ਉਸ ਢਾਂਣੀ ਦਾ ਪ੍ਰਤੀਨਿਧ ਪਾਤਰ ਹੈ ਜਿਸਦੀ ਖਾੜਕੂ ਲਹਿਰ ਨਾਲ ਮੁੱਢੋਂ ਕੋਈ ਹਮਦਰਦੀ ਨਹੀਂ, ਜਿਸਦਾ ਮਨੋਰਥ ਮਹਿਜ਼ ਲੁੱਟਮਾਰ ਤੇ ਅਯਾਸ਼ੀ ਕਰਨਾ ਹੀ ਹੈ।ਗੁਰਲਾਭ ਦੇ ਮੁੱਢਲੇ ਕਾਲਜ ਵੇਲੇ ਦੇ ਸਾਥੀਆਂ ਅਰਜਨ, ਨਿੰਮੇ, ਹਰੀ ਆਦਿ ਦਾ ਮਨੋਰਥ ਵੀ ਗੁੰਡੇ ਜਾਂ ਬਦਮਾਸ਼ਾਂ ਦੇ ਰੂਪ ਵਿੱਚ ਹੀਰੋ ਬਣਨਾ ਸੀ, ਜਦਕਿ ਮਗਰੋਂ ਜੁੜਨ ਵਾਲੇ ਗਣੇਸ਼, ਗੋਰਾ, ਜੀਵਨ ਵਰਗੇ ਸਾਧਾਰਨ ਲੋਕਾਂ ਨੂੰ ਗੁਰਲਾਭ ਨੇ ਪੈਸੇ ਦੇ ਲਾਲਚ ਵਿੱਚ ਭਰਮਾ ਕੇ ਮਾਰਧਾੜ ਦੇ ਰਾਹ ਤੋਰਿਆ ਹੈ।ਕਤਲਾਂ ਤੇ ਮਾਰਧਾੜ ਦੇ ਐਕਸ਼ਨਾ ਵਿੱਚ ਇਸ ਤਰਾਂ ਦੇ ਲੋਕਾਂ ਨੂੰ ਇੱਕ ਵਾਰ ਸੰਗੀ ਬਣਾਕੇ ਗੁਰਲਾਭ ਵਰਗੇ ਬਦਮਾਸ਼ਾਂ ਨੇ ਉਹਨਾ ਨੂੰ ਅਜਿਹੀ ਅੰਨ੍ਹੀ ਗਲੀ ਵਿੱਚ ਲਿਆ ਸੁੱਟਿਆ ਹੈ ਕਿ ਉਹਨਾ ਲਈ ਪਿੱਛੇ ਮੁੜਨ ਦਾ ਕੋਈ ਰਾਹ ਨਹੀਂ।ਉਹ ਇਕੱਲ ਦੇ ਪਲਾਂ ਵਿੱਚ ਆਪਣੀ ਸਥਿਤੀ ੳੁੱਤੇ ਪਛਤਉਂਦੇ ਤਾਂ ਹਨ ਪਰ ਇਸ ਤੋਂ ਛੁਟਕਾਰਾ ਪਾਉਣ ਲਈ ਕਰ ਕੁਛ ਨਹੀਂ ਸਕਦੇ। ਅਗਲੀ ਕੋਟੀ ਵਿੱਚ ਉਹ ਲੋਕ ਆਉਂਦੇ ਹਨ ਜਿੰਨਾ ਨੂੰ ਖੁਦ ਜਾਂ ਜਿੰਨ੍ਹਾਂ ਦੇ ਨਿਕਟ ਸਬੰਧੀਆਂ ਨੂੰ ਆਪਣੀ ਵਿਸ਼ੇਸ਼ ਧਾਰਮਿਕ ਦਿੱਖ ਕਾਰਨ ਕਿਸੇ ਪੱਧਰ ਉੱਤੇ ਤਸ਼ੱਦਦ ਜਾਂ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਜਿੰਨ੍ਹਾਂ ਦੇ ਗੁੱਸੇ ਦੀ ਅੱਗ ਨੂੰ ਖਾੜਕੂਆਂ ਨੇ ਹਵਾ ਦਿੱਤੀ ਹੈ।ਮੀਤਾ, ਅਜਾਇਬ, ਜੀਤਾ ਫੌਜੀ ਤੇ ਬਾਬਾ ਬਸੰਤ ਅਜਿਹੇ ਹੀ ਲੋਕ ਹਨ ਜਿੰਨਾ ਦੀਆਂ ਸਿੱਖੀ ਭਾਵਨਾਵਾਂ ਨੂੰ 1984 ਦੇ ਆਸਪਾਸ ਆਹਤ ਪਹੁੰਚੀ ਹੈ।ਆਖਰੀ ਵੰਨਗੀ ਦੇ ਖਾੜਕੂਆਂ ਵਿੱਚ ਕੁਝ ਉਹ ਲੋਕ ਹਨ ਜਿੰਨ੍ਹਾਂ ਨੂੰ ਸੱਚਮੁੱਚ ਵੇਲੇ ਦੀ ਰਾਜਨੀਤੀ ਵਿੱਚ ਵੱਖਵਾਦੀ ਸਿੱਖ ਸੰਕੀਰਣ ਸੋਚ ਨੇ ਪ੍ਰਭਾਵਤ ਕੀਤਾ ਹੈ ਅਤੇ ਜੋ ਇਸ ਮੰਤਵ ਲਈ ਇੱਕ ਲਹਿਰ ਉਸਾਰਨ ਵਾਸਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਯਤਨਸ਼ੀਲ ਹਨ।ਗ਼ਮਦੂਰ ਤੇ ਉਸਦੇ ਸਾਥੀ ਮਹਿੰਦਰ, ਨਾਹਰ ਇਹਨਾ ਮਗਰਲੇ ਚੇਤੰਨ ਖਾੜਕੂਆਂ ਦੀ ਪ੍ਰਤੀਨਧਤਾ ਕਰਦੇ ਹਨ।ਇੰਝ ਸਿੱਖ ਜਗਤ ਵਿੱਚ ਖਾੜਕੂਵਾਦ ਵਿੱਚ ਹਕੀਕੀ ਵਿਸ਼ਵਾਸ ਰੱਖਣ ਵਾਲਾ ਥੋੜ੍ਹਾ ਜਿਹਾ ਹਿੱਸਾ ਹੀ ਹੈ ਜਦਕਿ ਇਸ ਦੇ ਨਾਂ ੳੁੱਤੇ ਕੰਮ ਕਰਨ ਵਾਲਾ ਵਡੇਰਾ ਭਾਗ ਜਾਂ ਤਾਂ ਕਿਸੇ ਐਕਸੀਡੈਂਟ ਵਜੋਂ ਇਸ ਵਿੱਚ ਸ਼ਾਮਲ ਹੋ ਕੇ ਮਜਬੂਰੀ ਪਾਲ ਰਿਹਾ ਹੈ ਅਤੇ ਜਾਂ ਉਹਨਾਂ ਸੁਆਰਥਾਂ ਲਈ ਸਰਗਰਮ ਹੈ ਜਿੰਨ੍ਹਾਂ ਦਾ ਲਹਿਰ ਦੇ ਠੀਕ ਜਾਂ ਗ਼ਲਤ ਉਦੇਸ਼ਾਂ ਨਾਲ ਕੋਈ ਲੈਣਾ ਦੇਣਾ ਨਹੀ।ਆਪਣੀ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲਈ, ਹਥਿਆਰ ਖਰੀਦਣ ਦੇ ਪ੍ਰਯੋਜਨ ਨਾਲ ਧਨ ਜੁਟਾਉਣ ਵਾਸਤੇ ਭੁਲਾਂਦਰੇ ਵਾਲੀ ਸਮਝ ਤਹਿਤ ‘ਸੱਚਮੁੱਚ’ ਦਾ ਖਾੜਕੂ ਅਨਸਰ ਵੀ ਡਕੈਤੀਆਂ, ਲੁੱਟਾਂ, ਅਗਵਾ ਆਦਿ ਦੇ ਕੇਸ ਕਰਦਾ ਹੈ, ਵੱਖਰੀ ਦਿੱਖ ਵਾਲੇ ਲੋਕਾਂ ਵਿੱਚ ਆਤੰਕ ਫੈਲਾਉਣ ਲਈ ਉਹਨਾਂ ਦੇ ਕਤਲ ਵੀ ਕਰਦਾ ਹੈ।ਇਸ ਲਈ ਆਮ ਲੋਕ ਉਹਨਾ ਦੇ ਆਤੰਕ ਕਾਰਨ ਭੈਭੀਤ ਹਨ।ਪਰ ਇਹਨਾ ਸੱਚਮੁੱਚ ਦੇ ਖਾੜਕੂਆਂ ਤੋਂ ਵੱਖਰੇ ਗਰੁੱਪ, ਜਿੰਨ੍ਹਾਂ ਦੀਆਂ ਕਾਰਗੁਜ਼ਾਰੀਆਂ ਦਾ ਨਾਵਲ ਵਿੱਚ ਵਿਸਤ੍ਰਿਤ ਵੇਰਵਾ ਪ੍ਰਾਪਤ ਹੈ, ਦਾ ਤਾਂ ਕੰਮ ਹੀ ਲੁੱਟਾਂ ਖੋਹਾਂ, ਕਤਲ ਤੇ ਬਲਾਤਕਾਰ ਕਰਨਾ ਹੈ ।ਇਹਨਾ ਬੇਈਮਾਨ ਅਨਸਰਾਂ ਨੂੰ ਕਈ ਵਾਰ ਸਿੱਧੀ ਹੀ ਅਤੇ ਬਹੁਤ ਵਾਰ ਪਰੋਖ ਰੂਪ ਵਿੱਚ ਸਰਕਾਰੀ ਮਸ਼ੀਨਰੀ ਅਤੇ ਰਾਜ ਦੇ ੳੁੱਚ ਸਿਆਸਤਦਾਨਾਂ ਦੀ ਵੀ ਸਰਪ੍ਰਸਤੀ ਹਾਸਲ ਹੈ॥ਪੁਲਸ ਅਧਿਕਾਰੀ ਰਣਦੀਪ ਅਤੇ ਗੁਰਲਾਭ ਦੇ ਮਾਮੇ ਦੇ ਨਿਕਟਵਰਤੀ ਰਾਜ ਸਰਕਾਰ ਵਿਚਲੇ ਮੰਤਰੀ ਦੇ ਕਿਰਦਾਰ ਇਸ ਸੰਬੰਧ ਵਿੱਚ ਮਹੱਤਵਪੂਰਨ ਹਨ ਜੋ ਆਪਣੇ ਸੌੜੇ ਹਿਤਾਂ ਦੀ ਖਾਤਰ ਲੁਕਵੇਂ ਤੌਰ ‘ਤੇ ਤਥਾਕਥਿਤ ਖਾੜਕੂਆਂ ਦੀ ਪੁਸ਼ਤਪਨਾਹੀ ਕਰਦੇ ਹਨ।ਇਤਿਹਾਸਕ ਸੱਚ ਅਨੁਸਾਰ ਅੱਠਵੇਂ ਤੇ ਨੌਵੇਂ ਦਹਾਕੇ ਵਿੱਚ ਇੱਕ ਬੰਨੇ ਖਾੜਕੂਆਂ ਅਤੇ ਦੂਜੇ ਬੰਨੇ ਪੁਲਸ ਦੀਆਂ ਵਧੀਕੀਆਂ ਕਾਰਨ ਆਮ ਲੋਕਾਂ ਦੀ ਤ੍ਰਾਸਦਕ ਸਥਿਤੀ ਸਾਹਮਣੇ ਆਉਂਦੀ ਹੈ।ਨਾਵਲ ਦੀ ਕਹਾਣੀ ਨਹਿਰੀ ਮਹਿਕਮੇ ਵਿੱਚ ਉਵਰਸੀਅਰ ਲੱਗੇ ਸੁਖਚੈਨ ਨਾਂ ਦੇ ਪਾਤਰ ਦੀ ਹੋਣੀ ਨੂੰ ਕੇਂਦਰ ਵਿੱਚ ਰੱਖਕੇ ਗੁੰਦੀ ਗਈ ਹੈ।ਇਸ ਤਰਾਂ ਸੁਖਚੈਨ ਨੂੰ ਨਾਵਲ ਦਾ ਪ੍ਰਵਕਤਾ ਮੰਨਿਆਂ ਜਾ ਸਕਦਾ ਹੈ ਜੋ ਲਹਿਰ ਦੇ ਚੜ੍ਹਾਅ ਸਮੇਂ ਤਥਾਕਥਿਤ ਖਾੜਕੂਆਂ ਦੇ ਲਾਗੇ ਚਾਗੇ ਵਿਚਰਦਿਆਂ ਹੋਇਆਂ ਵੀ ਇਸ ਤੋਂ ਅਭਿੱਜ ਰਹਿਣ ਵਿੱਚ ਇਕ ਤਰਾਂ ਖੁਸ਼ਕਿਸਮਤ ਰਿਹਾ ਹੈ।ਨਹੀਂ ਤਾਂ ਜੋ ਕੋਈ ਵੀ ਹੈ, ਚਾਹੇ ਜਾਂ ਅਣਚਾਹੇ, ਤਥਾਕਥਿਤ ਖਾੜਕੂਆਂ ਦੇ ਸੰਪਰਕ ਵਿੱਚ ਆਇਆ, ਸਮੁੱਚੇ ਪਰਵਿਰ ਸਮੇਤ ਦੁਖਾਂਤਕ ਅੰਤ ਦਾ ਭਾਗੀ ਬਣਿਆਂ।ਸੁਖਚੈਨ ਅਤੇ ਨਾਵਲ ਦੀਆਂ ਇਸਤਰੀ ਪਾਤਰਾਂ, ਸਤਬੀਰ ਅਤੇ ਰਮਨਦੀਪ ਦੀ ਹੋਂਦ ਨਾਲ ਕਹਾਣੀ ਵਿੱਚ ਨਾਵਲੀ ਲਿਖਤ ਵਾਲੇ ਗੁਣ ਆਏ ਹਨ।ਇਹਨਾਂ ਦੋ ਮੁਟਿਆਰਾਂ ਦੇ ਕ੍ਰਮਵਾਰ ਗੁਰਲਾਭ ਅਤੇ ਸੁਖਚੈਨ ਨਾਲ ਪ੍ਰੇਮ-ਸਬੰਧਾਂ ਦਾ ਵਿਵਰਣ ਨਾਵਲ ਵਿੱਚ ਰੁਮਾਂਸ ਦਾ ਅੰਸ਼ ਤਾਂ ਲਿਆਉਂਦਾ ਹੀ ਹੈ, ਰਿਸ਼ਤਿਆਂ ਦੇ ਬਣਨ ਵਿਗੜਨ ਵਿੱਚ ਆਰਥਿਕਤਾ ਤੇ ਸਮਾਜਕ ਰੁਤਬੇ ਦੇ ਫੈਸਲਾਕੁਨ ਦਖਲ ਦਾ ਤੱਤ ਵੀ ਉਭਾਰਦਾ ਹੈ।ਇਸੇ ਕਰਕੇ ਰਮਨਦੀਪ ਤੇ ਸੁਖਚੈਨ ਦੇ ਪਿਆਰ ਦੀ ਤਾਂ ਸ਼ੁਰੂ ਵਿੱਚ ਸੰਘੀ ਨੱਪੀ ਜਾਂਦੀ ਹੈ, ਜਦਕਿ ਸਤਬੀਰ ਤੇ ਗੁਰਲਾਭ ਅੰਤ ਵਿੱਚ ਮਿਲ ਜਾਂਦੇ ਹਨ।ਵੈਸੇ ਇਹ ਵਿਸਵਸਾ ਬਣਿਆਂ ਰਹਿੰਦਾ ਹੈ ਕਿ ਗੁਰਲਾਭ ਦੇ ਖਲਨਾਇਕ ਵਾਲੇ ਹਕੀਕੀ ਚਰਿੱਤਰ ਦੇ ਸਾਹਵੇਂ ਆ ਜਾਣ ਤੇ ਸਤਬੀਰ ਉਸਦੇ ਸੰਗ-ਸਾਥ ਵਿੱਚ ਕਿਵੇਂ ਸੁਖੀ ਰਹਿ ਸਕੇਗੀ।ਨਾਵਲ ਦੀ ਕਥਾ ਵਿੱਚ ਵੱਡੇ ਜ਼ਿਮੀਂਦਾਰਾਂ ਦੇ ਭੂਪਵਾਦੀ ਤਰਜ਼ ਦੇ ਜੀਵਨ-ਵਿਹਾਰ ਅਤੇ ਸਰਕਾਰੀ ਮਸ਼ੀਨਰੀ ਨਾਲ ਉਹਨਾ ਦੇ ਸੰਬੰਧਾਂ ਦੀ ਉਘੜਦੀ ਤਸਵੀਰ ਇਸਨੂੰ ਇੱਕ ਵਿਸ਼ੇਸ਼ ਕਾਲ ਦਾ ਸਿਆਸੀ ਸੰਦ੍ਰਿਸ਼ ਉਭਾਰਨ ਨੂੰ ਅਗਾਂਹ ਆਮ ਰੂਪ ਵਿੱਚ ਸਮਾਜ ਦੀ ਝਲਕ ਦਿਖਾਉਣ ਦੇ ਵੀ ਸਮੱਰਥ ਬਣਾਉਂਦੀ ਹੈ।ਵਾਤਾਵਰਨ ਅਤੇ ਦ੍ਰਿਸ਼ ਚਿਤਰਨ ਦੇ ਪੱਖ ਤੋਂ ਵੀ ਨਾਵਲਕਾਰ ਨੇ ਚੋਖੀ ਕੁਸ਼ਲਤਾ ਵਿਖਾਈ ਹੈ, ਜਿਸ ਸਦਕਾ ਅਬੋਹਰ ਦੇ ਦੂਰ-ਦੁਰਾਡੇ ਦੇ ਇਲਾਕੇ ਦਾ ਭੋਂ-ਦ੍ਰਿਸ਼ ਬਾਖੂਬੀ ਉਭਰਦਾ ਹੈ।ਪਲੇਠੀ ਦੀ ਗਲਪ ਰਚਨਾ ਹੋਣ ਦੇ ਤੱਥ ਦੇ ਬਾਵਜੂਦ ਅਵੱਸ਼ ਹੀ ‘ਬਲੀ’ ਇੱਕ ਗੌਲਣਯੋਗ ਨਾਵਲ ਹੈ ਜਿਸਦੇ ਲਿਖਣ ‘ਤੇ ਲੇਖਕ ਨੂੰ ਵਧਾਈ ਦੇਣੀ ਉਚਿਤ ਪ੍ਰਤੀਤ ਹੁੰਦੀ ਹੈ।
ਰਘਬੀਰ ਸਿੰਘ( ਧੰਨਵਾਦ ਸਹਿਤ ‘ਸਿਰਜਣਾ-157’ ਵਿੱਚੋਂ )

Thursday, June 24, 2010

ਖੰਡਰ, ਖ਼ਾਮੋਸ਼ੀ ਤੇ ਰਾਤ


ਖੰਡਰ, ਖ਼ਾਮੋਸ਼ੀ ਤੇ ਰਾਤ

ਆਧੁਨਿਕ ਮਨੁੱਖ ਦੀ ਜ਼ਿੰਦਗੀ ਦਾ ਬਿੰਬ


ਪ੍ਰਕਾਸ਼ਕ: ਕੁਕਨੁਸ ਪ੍ਰਕਾਸ਼ਨ, ਜਲੰਧਰ


ਸੁਰਿੰਦਰ ਸੋਹਲ ਦੇ ਗ਼ਜ਼ਲ ਸੰਗ੍ਰਹਿ ‘ਖੰਡਰ, ਖ਼ਾਮੋਸ਼ੀ ਤੇ ਰਾਤ’ ਵਿਚ ਗ਼ਜ਼ਲਾਂ ਦਾ ਸਮੁੱਚਾ ਪਾਸਾਰ ਬੜਾ ਦਿਲਚਸਪ ਹੈ। ਇਸ ਪਾਸਾਰ ਵਿਚ ਸਿਰਜੇ ਕਾਵਿ-ਚਿਹਨਾਂ ਦੀ ਸਮਾਨਾਂਤਰ ਤਰਤੀਬ, ਤੁਲਨਾ, ਟੱਕਰ/ਵਿਰੋਧ-ਜੁਟਤਾ ਤੇ ਸੰਯੁਕਤੀ, ਇਕ ਵਿਸ਼ੇਸ਼ ਰਿਦਮ ’ਚ ਵਿਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।

ਉਸਦੀ ਪੁਸਤਕ ਵਿਚਲਾ ਪਹਿਲਾ ਸ਼ੇਅਰ ਹੀ ਜ਼ਿੰਦਗੀ ਦੀ ਬੇਕਾਰੀ, ਅਜਨਬੀਅਤ, ਅਗਿਆਨਤਾ ਅਤੇ ਅਨਿਆਂ ਆਦਿ ਨੂੰ ਇਹਦੇ ਨਾਲ ਸੰਬੰਧਿਤ ਕਾਵਿ-ਚਿਹਨਾਂ ਰਾਹੀਂ ਇਉਂ ਚਿਹਨਤ ਕਰਨ ਲਗਦਾ ਹੈ ਕਿ ਉਸਦੀ ਪਿੱਠ ਭੂਮੀ ਵਿਚ ਸਮਾਈ ਫਿਲਾਸਫੀ ਜਾਂ ਵਿਚਾਰਧਾਰਾ ਵੀ ਪ੍ਰਵਾਹਿਤ ਹੋਣ ਲੱਗਦੀ ਹੈ-


ਤਿੱਤਲੀ, ਝਾਂਜਰ ਜਾਂ ਧੁੱਪ ਨੇ

ਕੀ ਇਸ ਦੇ ਵੱਲ ਪਾਉਣੀ ਹੈ ਝਾਤ।

ਜੀਵਨ ਦੀ ਤਸਵੀਰ ’ਚ ਨੇ ਜਦ

ਖੰਡਰ, ਖ਼ਾਮੋਸ਼ੀ ਤੇ ਰਾਤ।


ਚਿਹਨਾਂ ਦੇ ਰਹੱਸ ਨੂੰ ਖੋਲ੍ਹਦਿਆਂ ਜਿਹੜਾ ਅਸੰਗਤ ਤੇ ਵਿਰੋਧ-ਜੁੱਟਤਾ ਦਾ ਪ੍ਰਸੰਗ ਬਣਦਾ ਹੈ-

ਤਿੱਤਲੀ ਝਾਂਜਰ ਧੁੱਪ


ਖੰਡਰ ਖ਼ਾਮੋਸ਼ੀ ਰਾਤ


ਉਸ ਵਿਚ ਤਿੱਤਲੀ ਤੇ ਖੰਡਰ, ਝਾਂਜਰ ਤੇ ਖ਼ਾਮੋਸ਼ੀ ਅਤੇ ਧੁੱਪ ਤੇ ਰਾਤ ਦੇ ਚਿਹਨ ਆਪਸ ਵਿਚ ਨਿਰਾਰਥਕ ਰਿਸ਼ਤੇ ਵਿਚ ਪੇਸ਼ ਹੋਏ ਹਨ। ਤਿੱਤਲੀ ਲਈ ਖੰਡਰ ਦੀ ਕੋਈ ਸਾਰਥਕਤਾ ਨਹੀਂ, ਖ਼ਾਮੋਸ਼ੀ ਵਿਚ ਝਾਂਜਰ ਦੀ ਕੋਈ ਸਾਰਥਕਤਾ ਨਹੀਂ ਅਤੇ ਰਾਤ ’ਚ ਧੁੱਪ ਸ਼ਾਮਿਲ ਨਹੀਂ ਹੋ ਸਕਦੀ, ਇਹਨਾਂ ’ਚ ਅਸੀਮ ਪਾੜਾ ਹੈ।ਤਿਤਲੀ, ਝਾਂਜਰ ਅਤੇ ਧੁੱਪ ਦੇ ਚਿਹਨ ਸੰਯੁਕਤ ਰੂਪ ਜ਼ਿੰਦਗੀ ਦੀਆਂ ਸੱਧਰਾਂ, ਖ਼ੁਸ਼ੀਆਂ, ਸੁਪਨਿਆਂ, ਉਮੰਗਾਂ ਜਾਂ ਜੀਣ-ਥੀਣ ਦੇ ਚਿਹਨ ਹਨ। ਦੂਜੇ ਪਾਸੇ ਖੰਡਰ, ਖ਼ਾਮੋਸ਼ੀ ਅਤੇ ਰਾਤ, ਜ਼ਿੰਦਗੀ ਦੀ ਬੇਕਾਰੀ, ਖ਼ੌਫ਼, ਉਦਾਸੀ, ਇਕਲਾਪੇ, ਬੇਗਾਨਗੀ, ਅਜਨਬੀਅਤ, ਅਨਿਆਂ ਅਤੇ ਅਗਿਆਨਤਾ ਆਦਿ ਚਿਹਨ ਹਨ। ਪਹਿਲੇ ਵਰਗ ਦੇ ਚਿਹਨ ਅਚੇਤ-ਸੁਚੇਤ ਤੌਰ ’ਤੇ ਸਾਨੂੰ ਮਨੁੱਖੀ ਤਮੰਨਾ ਨਾਲ ਜੋੜਦੇ ਹਨ ਅਤੇ ਦੂਜੇ ਵਰਗ ਦੇ ਚਿਹਨ (ਖੰਡਰ, ਖ਼ਾਮੋਸ਼ੀ ਤੇ ਰਾਤ, ਜੋ ਪੁਸਤਕ ਦਾ ਸਿਰਲੇਖ ਵੀ ਹੈ) ਮਨੁੱਖੀ ਜ਼ਿੰਦਗੀ ਦੀ ਹਕੀਕਤ (ਜੀਵਨ ਦੀ ਤਸਵੀਰ) ਦੇ ਰੂਬਰੂ ਕਰਦੇ ਹਨ।

ਇਉਂ ਇਹ ਕਾਵਿ ਸਾਨੂੰ ਜ਼ਿੰਦਗੀ ਦੀ ਉਸ ਵਿਡੰਬਨਾਤਮਕ ਸਥਿਤੀ ’ਚ ਲੈ ਆਉਂਦਾ ਹੈ, ਜਿਥੇ ਮਨੁੱਖ ਇਕ ਪਾਸੇ ਤਾਂ ਆਪਣੀਆਂ ਸੱਧਰਾਂ ਤੇ ਸੁਪਨਿਆਂ ਆਧਾਰਿਤ ਜੀਣਾ-ਥੀਣਾ ਚਾਹੁੰਦਾ ਹੈ ਅਤੇ ਇਸ ਅਨੁਸਾਰ ਹੋਣਾ ਤਾਂ ਇੰਝ ਚਾਹੀਦਾ ਹੈ-

ਤਿਤਲੀ-ਫੁੱਲ/ਮਹਿਕਾਂ

ਝਾਂਜਰ-ਸੁਰ/ਰਿਦਮ

ਧੁੱਪ-ਦਿਨ/ਸਵੇਰਾ

ਪਰ ਦੂਜੇ ਪਾਸੇ ਹਕੀਕਤ ਵਿਚ ਇੰਝ ਹੈ ਨਹੀਂ। ਪ੍ਰਾਪਤੀ ਕੁਝ ਹੋਰ ਹੀ ਹੈ। ਇਹੀ ਮਨੁੱਖ ਦੀ ਜ਼ਿੰਦਗੀ ਦੀ ਵਿਡੰਬਨਾ, ਮਨੁੱਖੀ ਹੋਂਦ ਦਾ ਸੰਤਾਪ, ਸਾਡੀ ਸੁਸਾਇਟੀ ਵਿਚ ਵਿਚਰਦੇ ਮਨੁੱਖ ਦਾ ਜੀਵ ਦਰਸ਼ਨ! ਕਿ ਇਥੇ ਇੱਛਾਵਾਂ ਦੀ ਪੂਰਤੀ ਅਸੰਭਵ ਹੈ ਅਤੇ ਇਸ ਸੋਝੀ ਵਿਚੋਂ ਇਹ ਕਾਵਿ ਉਦਾਸੀ ਦੀ ਧੁਨ (ਕੀ ਇਸ ਦੇ ਵੱਲ ਪਾਉਣੀ ਹੈ ਝਾਤ) ਉਭਾਰਦਾ ਹੈ।ਸਮੁੱਚੀ ਪੁਸਤਕ ਵਿਚ ਮਨੁੱਖ ਦੀ ਉਪਰੋਕਤ ਸਥਿਤੀ ਨਾਲ ਸੰਬੰਧਿਤ ਚਿਹਨ ਥਾਂ ਪਰ ਥਾਂ ਪਏ ਹਨ, ਜੋ ਕਿਸੇ ਨਾ ਕਿਸੇ ਰੂਪ ਵਿਚ ਬੇਕਾਰੀ, ਉਦਾਸੀ, ਖ਼ੌਫ਼, ਅਜਨਬੀਅਤ, ਬੇਗਾਨਗੀ, ਜ਼ੁਲਮ, ਅਨਿਆਂ ਅਤੇ ਅਗਿਆਨਤਾ ਆਦਿ ਨੂੰ ਚਿਹਨਤ ਕਰਦੇ ਹਨ।

ਉਹ ਜਦੋਂ ਗ਼ਜ਼ਲ ਨੂੰ ਉਸਾਰਦਾ ਹੈ ਤਾਂ ਗ਼ਜ਼ਲ ਇਕ ਸ਼ਬਦ ਤੋਂ ਆਰੰਭ ਹੋ ਕੇ ਅਖ਼ੀਰਲੇ ਸ਼ਬਦ ਤੱਕ ਇਕ ਰਿਦਮ ’ਚ ਫੈਲਦੀ ਹੈ ਅਤੇ ਸ਼ਾਇਰ ਉਪਰੋਕਤ ਨਾਲ ਸੰਬੰਧਿਤ ਚਿਹਨਾਂ (ਚੁੱਪ, ਮੁਸਕਾਨ, ਹਰੇ, ਪੀਲੇ, ਦਿਨ, ਰਾਤ, ਰੌਸ਼ਨੀ, ਹਨ੍ਹੇਰ, ਬਰੇਤੀ, ਨਦੀ, ਮਾਰੂਥਲ, ਹਰਿਆਵਲ, ਜੁਗਨੂੰ, ਦੀਵਾ, ਸੂਰਜ, ਧੂੰਆਂ, ਧੁੰਦ, ਮੱਸਿਆ ਆਦਿ ਅਨੇਕ ਹੋਰ) ਨੂੰ ਸ਼ਿਅਰਾਂ-ਗ਼ਜ਼ਲਾਂ ਵਿਚ ਵਰਟੀਕਲ ਤੇ ਹਾਰੀਜ਼ੈਂਟਲ ਰੁੱਖ ਵਿਚ ਫੈਲਾਉਂਦਾ ਜਾਂਦਾ ਹੈ। ਇਸ ਗੱਲ ਦੇ ਸਬੂਤ ਵਜੋਂ ਮੈਂ ਕੁਝ ਨਮੂਨੇ ਹਾਜ਼ਰ ਕਰਕੇ, ਇਸ ਸੰਬੰਧੀ ਬਹੁਤ ਕੁਝ ਕਹਿਣਯੋਗ ਹੋਣ ਦੇ ਬਾਵਜੂਦ ਗ਼ਜ਼ਲਾਂ ਦੀ ਵਿਸਤ੍ਰਿਤ ਚਰਚਾ ਵਿਚ ਨਹੀਂ ਪੈ ਰਿਹਾ। ਸਿਰਫ਼ ਗ਼ਜ਼ਲਾਂ ’ਚ ਪ੍ਰਵੇਸ਼ ਹੋਣ ਅਤੇ ਉਹਨਾਂ ਦੀ ਸਮਰੱਥਾ ਦਾ ਰਹੱਸ ਹੀ ਸਾਂਝਾ ਕਰਕੇ ਆਪਣੀ ਗੱਲ ਸਮਾਪਤ ਕਰਦਾ ਹਾਂ-

ਨਾ ਕਿਤੇ ਜੁਗਨੂੰ, ਕੋਈ ਸੂਰਜ, ਕੋਈ ਦੀਵਾ ਮਿਲੇ।

ਹੁਣ ਸੁਰਿੰਦਰ ਹਰ ਥਾਂ ਧੂੰਆਂ, ਧੁੰਦ ਤੇ ਮੱਸਿਆ ਮਿਲੇ।


ਸੀ ਜਿਸ ਦੀ ਡਾਇਰੀ ਦੇ ਵਿਚ ਪਤੇ, ਬੱਦਲਾਂ ਸਮੁੰਦਰਾਂ ਦੇ।

ਹਮੇਸ਼ਾ ਖ਼ਤ ਉਨੂੰ ਆਉਂਦੇ ਸੀ, ਮਾਰੂਥਲ ਤੇ ਬੰਜਰਾਂ ਦੇ।


ਪਰਮਿੰਦਰਜੀਤ ਸੰਪਾਦਕ-ਅੱਖਰ (ਮਾਸਿਕ ਪੱਤਰ)

Friday, June 18, 2010

ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ

ਪੁਸਤਕ-ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ
ਲੇਖਕ-ਵਿਦਵਾਨ ਪ੍ਰੋਫ਼ੈਸਰ
ਪ੍ਰਕਾਸ਼ਕ-ਸੁੰਦਰ ਬੁੱਕ ਡਿਪੂ, ਜਲੰਧਰ
ਪੰਨੇ-188
ਮੁੱਲ-200 ਰੁਪਏ

'ਸੁੰਦਰ ਸਾਹਿਤ ਆਲੋਚਨਾ' ਲੜੀ ਅਧੀਨ ਪ੍ਰਕਾਸ਼ਕ ਨੇ ਬਹੁਤ ਸਾਰੇ ਵਿਦਵਾਨ ਪ੍ਰੋਫ਼ਸਰਾਂ ਦੇ ਕਥਨ ਪ੍ਰਸ਼ਨ-ਉਤਰ ਰੂਪ ਵਿਚ ਗਾਗਰ ਵਿਚ ਸਾਗਰ ਭਰਨ ਦਾ ਉਪਰਾਲਾ ਕੀਤਾ ਹੈ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਵੱਡੇ ਅਤੇ ਦੂਜੇ ਭਾਗ ਵਿਚ ਛੋਟੇ ਪ੍ਰਸ਼ਨ ਉਤਰ ਛਾਇਆ ਕੀਤੇ ਗਏ ਹਨ, ਜਿਹਨਾਂ ਰਾਹੀਂ ਪੰਜਾਬੀ ਭਾਸ਼ਾ ਬਾਰੇ ਬਹੁਤ ਹੀ ਗਹਿਰ-ਗੰਭੀਰ ਜਾਣਕਾਰੀ ਪ੍ਰਦਾਨ ਕਰਨ ਦਾ ਯਤਨ ਕੀਤਾ ਗਿਆ ਹੈ। ਵਿਸ਼ੇਸ਼ ਕਰਕੇ ਉਚੀ ਵਿਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਭਾਸ਼ਾ ਬਾਰੇ ਗੂੜ੍ਹ ਗਿਆਨ ਦੀ ਪ੍ਰਾਪਤੀ ਦੇ ਇਛੁਕ ਲੋਕਾਂ ਲਈ ਇਹ ਪੁਸਤਕ ਵਰਦਾਨ ਸਿੱਧ ਹੋ ਸਕਦੀ ਹੈ। ਵਿਦਵਾਨਾਂ ਦੇ ਬਹੁਤ ਹੀ ਅਮੁੱਲੇ ਵਿਚਾਰਾਂ ਨੂੰ ਇਕ ਪੁਸਤਕ ਵਿਚ ਇਕੱਤਰ ਕਰਨ ’ਤੇ ਜੋ ਮਿਹਨਤ ਕੀਤੀ ਗਈ ਹੈ, ਉਹ ਸ਼ਲਾਘਾਯੋਗ ਹੈ ਤੇ ਪੰਜਾਬੀ ਭਾਸ਼ਾ ਦੀ ਉਨਤੀ ਵਿਚ ਇਹ ਇਕ ਮੀਲ ਪੱਥਰ ਵਾਂਗ ਹੈ।ਭਾਸ਼ਾ ਵਿਗਿਆਨ ਕੀ ਹੈ, ਇਸਦੀਆਂ ਪਰਿਭਾਸ਼ਾ ਅਤੇ ਅਧਿਐਨ ਖੇਤਰ ਬਾਰੇ ਚਰਚਾ ਹੈ। ਭਾਸ਼ਾ ਇਕ ਚਿੰਨ੍ਹ ਪ੍ਰਬੰਧ ਹੈ, ਇਸ ’ਤੇ ਚਰਚਾ ਦੌਰਾਨ ਧੁਨੀ ਉਚਾਰਨ ਪ੍ਰਕਿਰਿਆ ਬਾਰੇ ਖੁੱਲ੍ਹੀਆਂ ਗੱਲਾਂ ਕੀਤੀਆਂ ਗਈਆਂ ਹਨ। ਸਵਰ ਤੇ ਵਿਅੰਜਨ ਧੁਨੀਆਂ ਦਾ ਵਰਗੀਕਰਣ, ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਸਵਰਾਂ, ਵਿਅੰਜਨਾਂ ਦੀ ਵਰਤੋਂ ਦੇ ਨੇਮਾਂ ਬਾਰੇ ਵੀ ਜਾਣਕਾਰੀ ਹੈ। ਪੰਜਾਬੀ ਵਾਕ ਬਣਤਰ, ਵਾਕਾਂ ਦੀ ਕਿਸਮ ਵੰਡ ਉਦਾਹਰਣਾ ਸਹਿਤ ਦਰਸਾਈ ਗਈ ਹੈ। ਏਨੀ ਬਾਰੀਕੀ ਨਾਲ ਸਮਝਾਇਆ ਗਿਆ ਹੈ ਕਿ ਇਕ ਵਾਕ ਲਿਖ ਕੇ ਉਹਦੇ ਇਕ ਇਕ ਸ਼ਬਦ ਵਿਚ ਨਾਂਵ, ਵਿਸ਼ੇਸ਼ਣ, ਕਿਰਿਆ, ਮੁੱਖ ਕਿਰਿਆ, ਸਹਾਇਕ ਕਿਰਿਆ, ਸਬੰਧਕ ਆਦਿ ਨੂੰ ਵੱਖ ਵੱਖ ਨਿਖੇੜ ਕੇ ਉਸਦੀ ਜਾਣ-ਪਛਾਣ ਕਰਵਾਈ ਗਈ ਹੈ। ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਦੀ ਜਾਣਕਾਰੀ, ਭਾਸ਼ਾ ਤੇ ਉਪ-ਭਾਸ਼ਾ ਦਾ ਅੰਤਰ, ਟਕਸਾਲੀ ਭਾਸ਼ਾ, ਮਾਝੀ, ਮਲਵਈ, ਪੁਆਧੀ ਉਪ-ਭਾਸ਼ਾਵਾਂ ਦੀ ਬਹੁ-ਪੱਖੀ ਜਾਣਕਾਰੀ ਦੇਣ ਦੇ ਯਤਨ ਕੀਤੇ ਗਏ ਹਨ। ਗੁਰਮੁਖੀ ਲਿੱਪੀ ਦੀ ਪ੍ਰਾਚੀਨਤਾ, ਵਿਸ਼ੇਸ਼ਤਾਵਾਂ, ਲਗਾ-ਮਾਤਰਾ, ਵਾਕ ਬਣਤਰ ਤੇ ਉਹਨਾਂ ਦਾ ਨਿਖੇੜਾ ਸੰਯੁਕਤ ਤੇ ਮਿਸ਼ਰਤ ਵਾਕ ਆਦਿ ਬਾਰੇ ਖੁੱਲ੍ਹਾ ਬਿਆਨ ਕੀਤਾ ਗਿਆ ਹੈ। ਇਥੋਂ ਤੱਕ ਕਿ ਪੰਜਾਬੀ ਵਾਚ ਪ੍ਰਬੰਧ ਅਤੇ ਕਾਲ ਪ੍ਰਬੰਧ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ।ਦੂਜੇ ਭਾਗ ਵਿਚ ਵੀ ਛੋਟੇ ਛੋਟੇ ਪ੍ਰਸ਼ਨਾਂ ਵਿਚ ਰੂਪਾਂਤਰੀ ਸ਼ਬਦ ਰਚਨਾ, ਸਮਾਸੀ ਸ਼ਬਦ ਰਚਨਾ, ਵਾਕ, ਉਪਵਾਕ, ਅਰਥ ਸੰਕੋਚ, ਅਰਥ ਵਿਸਤਾਰ, ਸਮਾਨਾਰਥਕ, ਵਿਰੋਧਾਰਥਕ ਸ਼ਬਦ, ਗੁਰਮੁਖੀ ਲਿੱਪੀ ਦੀਆਂ ਧੁਨੀਆ, ਅਗੇਤਰ-ਪਛੇਤਰ ਆਦਿ ਭਾਸ਼ਾ ਤੇ ਗੁਰਮੁਖੀ ਲਿੱਪੀ ਬਾਰੇ ਹਰੇਕ ਵੇਰਵਾ ਬਹੁਤ ਵਿਸਥਾਰਪੂਰਵਕ ਸਮਝਾਇਆ ਗਿਆ ਹੈ। ਵੱਡਮੁੱਲੀ ਜਾਣਕਾਰੀ ਭਰਪੂਰ ਇਹੋ ਜਿਹੀ ਪੁਸਤਕ ਹਰੇਕ ਪੰਜਾਬੀ ਦੇ ਘਰ ਹੋਣੀ ਚਾਹੀਦੀ ਹੈ ਤੇ ਉਸਦਾ ਰੋਜ਼ਾਨਾ ਪਾਠ ਕਰਨਾ ਚਾਹੀਦਾ ਹੈ, ਜਿਸ ਨਾਲ ਸਭ ਨੂੰ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਦਾ ਦਰਜਾ ਮਿਲ ਸਕੇ।
ਸੁਰਜੀਤ ਸਾਜਨ
ਪੱਤੜ ਕਲਾਂਜਲੰਧਰ-144806
ਫੋਨ-98 149 04 060

Monday, April 12, 2010

ਵੀਹਵੀਂ ਸਦੀ ਦੇ ਪ੍ਰਮੁੱਖ ਪੰਜਾਬੀ ਨਾਟਕ-ਅਧਿਐਨ ਤੇ ਮੁਲਾਂਕਣ

ਪੁਸਤਕ-ਵੀਹਵੀਂ ਸਦੀ ਦੇ ਪ੍ਰਮੁੱਖ ਪੰਜਾਬੀ ਨਾਟਕ-ਅਧਿਐਨ ਤੇ ਮੁਲਾਂਕਣ
ਲੇਖਕ-ਲਖਵਿੰਦਰਜੀਤ ਕੌਰ
ਪ੍ਰਕਾਸ਼ਕ-ਸੁੰਦਰ ਬੁੱਕ ਡਿਪੂ, ਜਲੰਧਰ
ਪੰਨੇ-126
ਮੁੱਲ-140 ਰੁਪਏ

‘ਇਸ ਪੁਸਤਕ ਦੇ ਮਹੱਤਵ ਨੂੰ ਵੇਖਦੇ ਹੋਏ ਮੈਂ ਇਸ ਪੁਸਤਕ ਦਾ ਐਮ. ਫਿਲ ਦੇ ਖੋਜ ਕਾਰਜ ਲਈ ਚੁਣਿਆ ਅਤੇ ਮੇਰੀ ਵਿਦਿਆਰਥਣ ਲਖਵਿੰਦਰਜੀਤ ਕੌਰ ਨੇ ਬੜੀ ਮਿਹਨਤ ਨਾਲ ਇਸ ਉੱਤੇ ਖੋਜ ਕਾਰਜ ਮੁਕੰਮਲ ਕੀਤਾ।’ ਇਹ ਸ਼ਬਦ ਨਸੀਬ ਸਿੰਘ ਬਵੇਜਾ (ਡਾ.) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ‘ਵੀਹਵੀਂ ਸਦੀ ਦੇ ਪ੍ਰਮੁੱਖ ਪੰਜਾਬੀ-ਅਧਿਐਨ ਤੇ ਮੁਲਾਂਕਣ’ ਦੀ ਭੂਮਿਕਾ ਵਿਚ ਲਿਖੇ ਹਨ।
ਲਖਵਿੰਦਰਜੀਤ ਕੌਰ ਦੀ ਇਸ ਤੋਂ ਪਹਿਲਾਂ ਵੀ ਇਕ ਪੁਸਤਕ ‘ਪਾਲੀ ਭੁਪਿੰਦਰ ਸਿੰਘ ਦਾ ਨਾਟ-ਜਗਤ’ ਪ੍ਰਕਾਸ਼ਿਤ ਹੋ ਚੁੱਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਲੇਖਿਕਾ ਸਾਹਿਤ ਦੀ ਵਿਧਾ ਨਾਟਕ ’ਤੇ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਇਸ ਵਿਚ ਸਫ਼ਲਤਾ ਪੂਰਵਕ ਅੱਗੇ ਵਧ ਰਹੀ ਹੈ। ਇਸ ਪੁਸਤਕ ਵਿਚ ਪੰਜਾਬੀ ਨਾਟਕ ਦੀ ਪਰੰਪਰਾ ਤੋਂ ਲੈ ਕੇ ਸਮੁੱਚੇ ਪ੍ਰਭਾਵ ਤੱਕ ਡਾ. ਸਤੀਸ਼ ਵਰਮਾ ਦੀ ਸੰਪਾਦਨ ਕਲਾ, ਨਾਟ-ਵਸਤੂ, ਨਾਟ-ਜੁਗਤਾਂ ਅਤੇ ਰੰਗ-ਮੰਚੀ ਪਰਿਪੇਖ ਆਦਿ ਵੱਖ ਵੱਖ ਪੜਾਵਾਂ ’ਤੇ ਚਾਨਣਾ ਪਾਇਆ ਗਿਆ ਹੈ।
ਪੰਜਾਬੀ ਨਾਟਕ ਦੀ ਪਰੰਪਰਾ ਦੀ ਗੱਲ ਕਰਦਿਆਂ ਹਰ ਦੇਸ਼ ’ਤੇ ਹਰ ਬੋਲੀ ਦੇ ਨਾਟਕ ਦੇ ਜਨਮ ਤੋਂ ਲੈ ਕੇ ਅੰਗਰੇਜ਼ੀ ਨਾਟਕ, ਯੂਨਾਨੀ ਤੇ ਅਠਾਰਵੀਂ, ਉਨੀਵੀਂ ਸਦੀ ਦੇ ਨਾਟਕਾਂ ਦੀ ਗੱਲ ਕਰਦਿਆਂ ਪੰਜਾਬੀ ਨਾਟ-ਪਰੰਪਰਾ ਦੀ ਭਾਰਤੀ ਦ੍ਰਿਸ਼ਟੀ ਤੋਂ ਸੰਸਕ੍ਰਿਤ ਨਾਟਕ ਬਾਰੇ ਦੱਸਿਆ ਗਿਆ ਹੈ ਕਿ ਇਹ ਉਸ ਸਮੇਂ ਖੇਡੇ ਗਏ ਜਦੋਂ ਆਰੀਆ ਲੋਕਾਂ ਨੇ ਇਥੋਂ ਦੇ ਮੂਲ ਨਿਵਾਸੀਆਂ ਉੱਤੇ ਜਿੱਤ ਹਾਸਿਲ ਕੀਤੀ ਸੀ। ਉਸ ਸਮੇਂ ਤੋਂ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਦੇ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਅਤੇ ਸਤੀਸ਼ ਵਰਮਾ ਤੱਕ ਦੇ ਵਿਚਲੇ ਸਮੇਂ ਦੀ ਨਾਟਕ ਕਲਾ ’ਤੇ ਵਿਸਥਾਰ ਪੂਰਵਕ ਚਰਚਾ ਛੇੜੀ ਗਈ ਹੈ।
ਇਸੇ ਤਰ੍ਹਾਂ ਹੀ ਪੁਸਤਕ ਵਿਚ ਡਾ. ਸਤੀਸ਼ ਵਰਮਾ ਦੀ ਨਾਟਕ ਸੰਬੰਧੀ ਸੰਪਾਦਨ ਕਲਾ, ਨਾਟ-ਵਸਤੂ, ਨਾਟਕ ਦੇ ਵਿਸ਼ੇ ਪੱਖ ਦਾ ਵਿਸਥਾਰ ਵੱਖ ਵੱਖ ਨਾਟਕਾਂ ਦੇ ਹਿੱਸਿਆਂ ਵਿਚੋਂ ਉਦਾਹਰਣਾ ਦੇ ਕੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਾਟ-ਜੁਗਤਾਂ ਦੀ ਗੱਲ ਕਰਦਿਆਂ ਦਰਸਾਇਆ ਗਿਆ ਹੈ ਕਿ ਕੋਈ ਵੀ ਨਾਟਕਕਾਰ ਆਪਣੇ ਨਾਟਕ ਵਿਚਲੇ ਵਸਥੂ ਨੂੰ ਢੁਕਵਾਂ ਰੂਪ ਪ੍ਰਦਾਨ ਕਰਨ ਲਈ ਭਿੰਨ ਭਿੰਨ ਜੁਗਤਾਂ ਦਾ ਸਹਾਰਾ ਲੈਂਦਾ ਹੈ। ਇਹਨਾਂ ਜੁਗਤਾਂ ਦੇ ਲੰਬੇ ਲੰਬੇ ਵੇਰਵੇ ਦਿੱਤੇ ਹਨ।
ਅੰਤ ਵਿਚ ਸਮੁੱਚੇ ਪ੍ਰਭਾਵ ਬਾਰੇ ਗੱਲ ਕਰਦਿਆਂ ਸਹਾਇਕ ਪੁਸਤਕਾਂ ਦੀ ਵੀ ਲੰਬੀ ਲੜੀ ਦਿੱਤੀ ਹੈ ਜੋ ਸਿੱਧ ਕਰਦੀ ਹੈ ਕਿ ਲੇਖਿਕਾ ਨੇ ਇਸ ਪੁਸਤਕ ਦੀ ਰਚਨਾ ’ਤੇ ਬਹੁਤ ਮਿਹਨਤ ਕੀਤੀ ਹੈ। ਪੁਸਤਕ ਦੇ ਪੰਦਰਾਂ ਨਾਟਕ ਵੀਹਵੀਂ ਸਦੀ ਦੇ ਸਮੁੱਚੇ ਪੰਜਾਬੀ ਨਾਟਕ ਦੀ ਪ੍ਰਤੀਨਿਧਤਾ ਕਰਦੇ ਹਨ, ਜਿਸ ਵਿਚ ਨਾਟਕ ਦੇ ਨਾਟ-ਵਸਤੂ, ਨਾਟ-ਜੁਗਤਾਂ ਅਤੇ ਮੰਚਗਤ ਪਾਸਾਰ ਵੀ ਉਜਾਗਰ ਹੋਏ ਹਨ। ਨਾਟਕ ਪ੍ਰੇਮੀਆਂ ਵਾਸਤੇ ਇਹ ਪੁਸਤਕ ਪੜ੍ਹਨਾ ਬੇਹੱਦ ਲਾਹੇਵੰਦ ਹੋ ਸਕਦਾ ਹੈ। ਉਹ ਨਾਟਕ ਨੂੰ ਹੋਰ ਡੂੰਘਾਈ ਨਾਲ ਮਾਨਣ ਦੇ ਕਾਬਿਲ ਹੋ ਸਕਦੇ ਹਨ। ਪੰਜਾਬੀ ਨਾਟ-ਪਰੰਪਰਾ ਦੇ ਨਾਲ ਨਾਲ ਵਿਦੇਸ਼ੀ ਤੇ ਭਾਰਤੀ ਨਾਟ ਪਰੰਪਰਾ ਬਾਰੇ ਗਿਆਨ ਵਿਚ ਵਾਧਾ ਹੋ ਸਕਦਾ ਹੈ।
ਸੁਰਜੀਤ ਸਾਜਨ
ਫੋਨ-98149 04060

Saturday, February 20, 2010

ਸੁਰਜੀਤ ਸਾਜਨ-‘ਗੁਲਾਬੀ ਰੰਗ ਦੇ ਸੁਪਨੇ’

ਸੁਰਜੀਤ ਸਾਜਨ ਆਧੁਨਿਕ ਸੰਵੇਦਨਾ ਦਾ ਸ਼ਾਇਰ ਹੈ। ਉਸਦੀ ਗ਼ਜ਼ਲ ਅੱਜ ਦੀ ਗ਼ਜ਼ਲ ਹੈ। ਅੱਜ ਜੋ ਸਮੱਸਿਆਵਾਂ ਮਨੁੱਖ ਨੂੰ ਦਰਪੇਸ਼ ਹਨ, ਉਹਨਾਂ ਦਾ ਸ਼ੀਸ਼ਾ ਹਨ ਇਹ ਗ਼ਜ਼ਲਾਂ। ਅਜੋਕੇ ਮਨੁੱਖ ਦੀ ਦੁਬਿਧਾ, ਮਜਬੂਰੀ, ਬੇਬਸੀ, ਹੱਥਾਂ ’ਚੋਂ ਖਿਸਕ ਕੇ ਵਿਅਰਥ ਹੋ ਰਹੇ ਵਕਤ ਦੀ ਢੁਕਵੀਂ ਅਭਿਵਿਅਕਤੀ ਇਹਨਾਂ ਗ਼ਜ਼ਲਾਂ ਨੂੰ ਸਮੇਂ ਦਾ ਹਾਣੀ ਬਣਾਉਂਦੀ ਹੈ। ‘ਗੁਲਾਬੀ ਰੰਗ ਦੇ ਸੁਪਨੇ’ ਭਾਵੇਂ ਸੁਰਜੀਤ ਸਾਜਨ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ, ਪਰ ਰੂਪਕ ਪੱਖ ਦੀ ਪਰਪੱਕਤਾ ਅਤੇ ਖ਼ਿਆਲਾਂ ਦੀ ਪੁਖ਼ਤਗੀ ਉਸਨੂੰ ਇਕ ਸਫ਼ਲ ਗ਼ਜ਼ਲਗੋਅ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਕ ਸਥਿਤੀ ਨੂੰ ਵਖੋ-ਵਖ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਵਲ ਸ਼ਾਇਰ ਨੂੰ ਖ਼ੂਬ ਆਉਂਦਾ ਹੈ-
ਮੋਰਾਂ ਦੇ ਨੱਚਣ ਨੂੰ ਸਾਵਣ ਬਿਹਤਰ ਹੋ ਸਕਦੈ,
ਵੱਢ ਵੱਢ ਖਾਵੇ ਚੋਂਦਾ ਜੇਕਰ ਢਾਰਾ ਬੰਦੇ ਦਾ।
(ਪੰਨਾ 36)
ਜ਼ਿੰਦਗੀ ਸਾਵੀਂ ਜਿਊਣ ਦਾ ਸੁਨੇਹਾ ਸਾਜਨ-ਕਾਵਿ ਦਾ ਅਹਿਮ ਨੁਕਤਾ ਹੈ-
ਪੈੜਾਂ ਦੀ ਛਾਪ ਉੱਤੇ ਕਿੰਤੂ ਨਾ ਕਿਧਰੇ ਹੋਵੇ,
ਏਦਾਂ ਦੀ ਤੋਰ ਰੱਖੀਂ ਏਦਾਂ ਦੀ ਚਾਲ ਰੱਖੀਂ।
(ਪੰਨਾ 21)
ਸੁਰਜੀਤ ਸਾਜਨ ਦੀ ਸ਼ਾਇਰੀ ਵਿਚ ਮਨੋਵਿਗਿਆਨ ਦਾ ਪੱਖ ਅਛੋਪਲੇ ਜਿਹੇ ਹੀ ਉਘੜ ਆਉਂਦਾ ਹੈ। ਆਲੇ-ਦੁਆਲੇ ਦੇ ਨਜ਼ਾਰਿਆਂ ਦਾ ਪ੍ਰਭਾਵ ਮਨ ਦੀ ਅਵਸਥਾ ਨਾਲ ਉੱਕਾ ਹੀ ਬਦਲ ਜਾਂਦਾ ਹੈ। ਜੇਕਰ ਮਨ ਦੀ ਅਵਸਥਾ ਅਖੌਤੀ ਬੰਦਨਾਂ, ਅਖੌਤੀ ਸਿਆਣਪਾਂ, ਅਖੌਤੀ ਫਲਸਫਿਆਂ, ਊਚਾਣਾ-ਨਿਵਾਣਾ ਤੋਂ ਪਾਰ ਹੋ ਜਾਵੇ ਤਾਂ ਚੰਗੇ-ਮਾੜੇ ਵਰਤਾਰੇ ਦਾ ਪ੍ਰਭਾਵ ਬਿਲਕੁਲ ਹੀਣ ਹੋ ਸਕਦਾ ਹੈ-
ਜੇ ਉੱਚੇ ਉਠ ਗਏ ਹੁੰਦੇ ਖ਼ਿਆਲਾਂ ਤੋਂ ਵਿਚਾਰਾਂ ਤੋਂ,
ਦੁਖੀ ਕਰਦਾ ਨਾ ਸਾਨੂੰ ਜਿੱਤ ਦੀ ਥਾਂ ਹਾਰ ਦਾ ਪੱਤਰ।
(ਪੰਨਾ 37)
ਸਥਿਤੀਆਂ-ਪ੍ਰਸਥਿਤੀਆਂ ਦਾ ਸੂਖਮਤਾ ਨਾਲ ਅਧਿਐਨ ਕਰਦਾ ਸ਼ਾਇਰ ਹਰ ਹਾਲ ਵਿਚ ਆਪਣੀ ਚੇਤਨਾ ਨੂੰ ਕਾਇਮ ਰੱਖਦਾ ਹੈ। ਉਸਨੂੰ ਇਕੱਲਤਾ ਦਾ ਫ਼ਿਕਰ ਤਾਂ ਹੈ, ਪਰ ਉਹ ਇਸ ਤੋਂ ਭੈਅ-ਭੀਤ ਹੋ ਕੇ ਬੇਵਜਾ ਇਸ ਦਾ ਦੋਸ਼ੀ ਹੋਰ ਕਿਸੇ ਨੂੰ ਠਹਿਰਾਉਣ ਦੇ ਹੱਕ ਵਿਚ ਨਹੀਂ। ਆਪਣੀ ਇਕੱਲਤਾ ਵਿਚ ਉਹ ਆਤਮ-ਚਿੰਤਨ ਦਾ ਰਾਹ ਅਪਣਾਉਂਦਾ ਪ੍ਰਤੀਤ ਹੁੰਦਾ ਹੈ-
ਆਪਣਾ ਹੀ ਪਰਛਾਵਾਂ ਹੁਣ ਤਾਂ ਨਾਲ ਨਹੀਂ,
ਦਿਲਦਾਰਾਂ ’ਤੇ ਦੋਸ਼ ਧਰਾਂਗੇ ਫੇਰ ਕਿਤੇ।
(ਪੰਨਾ 42)
ਸ਼ਾਇਰ ਇਸ ਫ਼ਿਕਰ ਵਿਚ ਗ੍ਰੱਸਿਆ ਹੋਇਆ ਹੈ ਕਿ ਉਸਦੇ ਦੇਸ਼ ਵਿਚ ਪੈਦਾ ਹੋ ਰਹੀ ਪ੍ਰਤਿਭਾ ਨੂੰ ਦੇਸ਼ ਕਿਉਂ ਨਹੀਂ ਪਹਿਚਾਣਦਾ। ਹਰ ਰੌਸ਼ਨ-ਦਿਮਾਗ਼ ਨੂੰ ਦੂਸਰੇ ਮੁਲਕ ਦੇ ਲੋਕ ਹਰ ਕੀਮਤ ’ਤੇ ਵਿਹਾਜ ਲੈਂਦੇ ਹਨ। ਆਪਣਾ ਮੁਲਕ ਰੌਸ਼ਨ-ਦਿਮਾਗ਼ ਤੋਂ ਵਿਰਵਾ ਹੋ ਕੇ ਫਿਰ ਹਨ੍ਹੇਰਾ ਢੋਂਹਦਾ ਰਹਿੰਦਾ ਹੈ-
ਦੇਸ਼ ਵਾਸੀ ਆਪਣੀ ਨੀਂਦਰ ਤੋਂ ਜੋ ਵੀ ਜਾਗਿਆ,
ਓਸ ਨੂੰ ਸਾਂਭਣ ਲਈ ਹਥਿਆ ਲਿਆ ਪਰਵਾਸ ਨੇ।
(ਪੰਨਾ 44)
ਜੋ ਖ਼ੂਬਸੂਰਤੀ ਪਰਦੇ ਵਿਚ ਹੈ, ਉਹ ਬੇਪਰਦ ਹੋ ਕੇ ਖ਼ਤਮ ਨਹੀਂ ਹੁੰਦੀ, ਸਗੋਂ ਬਦਸੂਰਤ ਹੋ ਨਿਬੜਦੀ ਹੈ। ਮੰਡੀ ਦੇ ਪ੍ਰਚਾਰਕ ਸਿਨੇਮੇ ਅਤੇ ਟੀ ਵੀ ਨੇ ਕੁਦਰਤ ਦੀ ਅਲਿਖ, ਅ-ਕਹੀ, ਅਬਿਆਨੀ ਖ਼ੂਬਸੂਰਤੀ ਦੀ ਪ੍ਰਤੀਕ ਔਰਤ ਨੂੰ ਬੇਪਰਦਾ ਕਰਕੇ ਔਰਤ ਜ਼ਾਤੀ ਨਾਲ ਕੋਹਝਾ ਮਜ਼ਾਕ ਕੀਤਾ ਹੈ। ਪਰਦਾ-ਦਰ-ਪਰਦਾ ਉਤਾਰ ਕੇ ਮਨੁੱਖ ਨੇ ਕੁਦਰਤ ਦੇ ਰਹੱਸਾਂ ਨੂੰ ਫਰੋਲਦੇ ਫਰੋਲਦੇ ਖ਼ਾਤਮੇ ਦੀ ਹੱਦ ਤੱਕ ਤਾਂ ਲੈ ਹੀ ਆਂਦਾ ਹੈ, ਇਸੇ ਤਰ੍ਹਾਂ ਔਰਤ ਦੇ ਪਰਦੇ ਵਿਚ ਛੁਪੇ ਖ਼ੂਬਸੂਰਤੀ ਦੇ ਰਹੱਸ ਦੀ ਉਤਸੁਕਤਾ ਨੂੰ ਬਿਲਕੁਲ ਖ਼ਤਮ ਕਰਕੇ ਇਸ ਦੀ ਤਾਂਘ ਤੇ ਕਸ਼ਿਸ਼ ਦੇ ਅਦਭੁਤ ਆਲਮ ਨੂੰ ਨੀਰਸ ਬਣਾ ਦਿੱਤਾ ਹੈ-
ਟੀ ਵੀ ’ਤੇ ਆਉਂਦੀਆਂ ਨੇ ਇੰਝ ਬੇਲਿਬਾਸ ਕੁੜੀਆਂ।
ਤਹਿਜ਼ੀਬ ਦੇ ਮੁਕਾ ਕੇ ਛੱਡਣੇ ਸਵਾਸ ਕੁੜੀਆਂ।
(ਪੰਨਾ 61)
ਸਭਿਆਚਾਰ ਦੇ ਨਾਂ ਦੇ ਹੋਰ ਰਹੇ ਅਸਭਿਆ ਵਰਤਾਰਿਆਂ ਤੋਂ ਸ਼ਾਇਰ ਡਾਢਾ ਪਰੇਸ਼ਾਨ ਹੈ-
ਬਾਂਦਰ-ਟਪੂਸੀਆਂ ’ਤੇ ਲੱਗੇ ਨੰਗੇਜਵਾਦੀ,
ਪਰਚਾਰ ਕਰ ਰਹੇ ਨੇ-ਵਿਰਸਾ ਸੰਭਾਲਦੇ ਹਾਂ।
(ਪੰਨਾ 49)
ਮਸ਼ੀਨਾਂ ਨੇ ਮਨੁੱਖ ਦਾ ਕੀਮਤੀ ਸਰਮਾਇਆ ਉਸਦਾ ਆਤਮ-ਵਿਸ਼ਵਾਸ ਖੀਣ ਕਰ ਦਿੱਤਾ ਹੈ-
ਪੰਜਾਂ ਵੀਹਾਂ ਦਾ ਸੌ ਹੋਊ ਯਕੀਨ ਨਹੀਂ,
ਮਗਜ਼ ’ਤੇ ਏਨਾ ਕਬਜ਼ਾ ਕੈਲਕੁਲੇਟਰ ਦਾ।
(ਪੰਨਾ 87)
ਨਿੱਤ ਜ਼ਿੰਦਗੀ ਦੇ ਸਰੋਕਾਰਾਂ ਨਾਲ ਲਬਰੇਜ਼ ਸਾਜਨ-ਕਾਵਿ ਅਤਿ ਸੰਵੇਦਨਸ਼ੀਲ ਅਤੇ ਨਾਜ਼ੁਕਤਾ ਭਰਪੂਰ ਹੈ। ਸਾਦਾ ਜ਼ਬਾਨ ਵਿਚ ਨਾਜ਼ੁਕ ਖ਼ਿਆਲੀ ਦੀ ਉਦਾਹਰਣ ਦੇਖਣਯੋਗ ਹੈ-
ਵੇਖਣ ਨੂੰ ਸੀ ਖ਼ੁਸ਼ਕ ਸਮੁੰਦਰ,
ਠੋਕਰ ’ਤੇ ਭਰ ਆਈਆਂ ਅੱਖਾਂ।
(ਪੰਨਾ 79)
ਫੁਲਝੜੀਆਂ ਦਾ ਹੁੰਦਾ ਸੀ ਇਕ ਸ਼ੌਕ ਬੜਾ,
ਹੁਣ ਤਾਂ ਲਿਸ਼ਕਾਂ ਅਕਸਰ ਮੈਨੂੰ ਦੇਣ ਡਰਾ।
(ਪੰਨਾ 81)
ਨਿੱਤ ਦੀਆਂ ਥੁੜਾਂ ਦਾ ਰਿਸ਼ਤਿਆਂ ਵਿਚ ਵਧੀਆਂ ਦੂਰੀਆਂ ਨਾਲ ਬਹੁਤ ਗਹਿਰਾ ਸੰਬੰਧ ਹੈ। ਜੀਵਨ ਦੀ ਇਸ ਕਠੋਰ ਸੱਚਾਈ ਨੂੰ ਸ਼ਾਇਰ ਇਕ ਹੀ ਸ਼ਿਅਰ ਰਾਹੀਂ ਵਿਅੰਗਮਈ ਅੰਦਾਜ਼ ਵਿਚ ਬਾਖ਼ੂਬੀ ਬਿਆਨ ਕਰ ਜਾਂਦਾ ਹੈ-
ਮੈਥੋਂ ਤੇਰੀ ਦੂਰੀ ਏਦਾਂ ਵਧ ਚਲੀ,
ਜੀਕੂੰ ਭਾਅ ਵਧਦਾ ਹੈ ਗੈਸ-ਸਿਲੰਡਰ ਦਾ।
(ਪੰਨਾ 87)
ਇਹੋ ਜਿਹੀ ਵਧ ਰਹੀਆਂ ਦਿਲਾਂ ਦੀਆਂ ਦੂਰੀਆਂ ਦੀ ਰੁੱਤ ਵਿਚ ਬਿਜਲਈ ਸਾਧਨਾ ਨਾਲ ਘੱਟ ਰਹੀਆਂ ਦੂਰੀਆਂ ਨਿਰਾ ਮਖੌਲ ਹੀ ਜਾਪਦੀਆਂ ਹਨ। ਇਸ ਕਰਕੇ ਵਿਅੰਗਾਤਮਕ ਨਾ ਹੁੰਦੇ ਹੋਏ ਵੀ, ਇਸ ਸ਼ਿਅਰ ਵਿਚ ਵਿਅੰਗ ਛੁਪਿਆ ਪ੍ਰਤੀਤ ਹੁੰਦਾ ਹੈ-
ਵੈੱਬ-ਸਾਈਟ ਵਿਚ ਸੱਤ ਸਮੁੰਦਰ ਸਿਮਟ ਗਏ,
ਦੂਰੀ ਦਾ ਰਕਬਾ ਬਸ ਅੱਖਰ ਅੱਖਰ ਦਾ।
(ਪੰਨਾ 88)
ਮਨ ਅੰਦਰਲੇ ਘੁੱਗੀਆਂ-ਮੋਰਾਂ ਵਰਗੇ ਮਰ ਰਹੇ ਸੁਪਨਿਆਂ ਦਾ ਫ਼ਿਕਰ ਉਸਦੀ ਸ਼ਾਇਰੀ ਦਾ ਇਕ ਹੋਰ ਖ਼ਾਸਾ ਹੈ। ਉਸਨੂੰ ਉਹਨਾਂ ਅਦੀਬਾਂ ਬਾਰੇ ਗਿਲਾ ਹੈ, ਜਿਹਨਾਂ ਨੇ ਇਹਨਾਂ ਮਰ ਰਹੇ ਸੁਪਨਿਆਂ ਨੂੰ ਅਣਗੌਲਿਆਂ ਕੀਤਾ ਹੈ-
ਕੱਚੀਆਂ ਕੰਧਾਂ ’ਤੇ ਚਿਤਰੇ ਘੁੱਗੀਆਂ ਤੇ ਮੋਰ ਜੋ,
ਦਰਦ ਉਹਨਾਂ ਦਾ ਕਿਸੇ ਸ਼ਾਇਰ ਨੇ ਕਿਉਂ ਲਿਖਿਆ ਨਹੀਂ।
(ਪੰਨਾ 63)
ਇਸੇ ਕਰਕੇ ਸ਼ਾਇਰ ਉਸ ਧਿਰ ਨਾਲ ਖਲੋਣਾ ਆਪਣਾ ਫ਼ਰਜ਼ ਸਮਝਾ ਹੈ ਤਾਂ ਕਿ ਉਸ ਉੱਤੇ ਵੀ ਇਹ ਇਲਜ਼ਾਮ ਨਾ ਆਵੇ-
ਉਹਨਾਂ ਮਾਸੂਮ ਬੁੱਲ੍ਹਾਂ ’ਤੇ ਕਿਵੇਂ ਗੀਤਾਂ ਦੇ ਸੁਰ ਥਿਰਕਣ,
ਜਿਨ੍ਹਾਂ ਦੀ ਛੰਨ ’ਤੇ ਮੀਂਹ ਅੱਗ ਦਾ ਵਰਦਾ ਰਿਹਾ ਅਕਸਰ।
(ਪੰਨਾ 15)
ਖ਼ਬਰ ਹੋਈ ਨਾ ਅੰਬਰ ਨੂੰ ਨਾ ਹੋਵੇਗੀ ਕਦੇ ਸ਼ਾਇਦ,
ਕਿ ਧਰਤੀ ’ਤੇ ਕੀ ਵਾਪਰਦਾ ਰੋਜ਼ਾਨਾ ਖ਼ੁਦਕੁਸ਼ੀ ਵਰਗਾ।
(ਪੰਨਾ 23)
ਸ਼ਾਇਰ ਦੀ ਦਿਲੀ ਤਮੰਨਾ ਹੈ ਕਿ ਉਹ ਆਪਣੀ ਸ਼ਾਇਰੀ ਨਾਲ ਏਨਾ ਇਕਮਿਕ ਹੋ ਜਾਵੇ ਕਿ ਸ਼ਾਇਰੀ ਹੀ ਉਸਦਾ ਸਿਰਨਾਵਾਂ ਹੋ ਜਾਵੇ-
ਗ਼ਜ਼ਲਾਂ ਹੀ ਹੋ ਜਾਵਣ ਮੇਰਾ ਸਿਰਨਾਵਾਂ,
ਇਸ ਖ਼ਾਹਿਸ਼ ਨੇ ਬੋਲ ਉਚਾਰੇ ਚਾਵਾਂ ਵਿਚ।
(ਪੰਨਾ 34)
‘ਗੁਲਾਬੀ ਰੰਗ ਦੇ ਸੁਪਨੇ’ ਸੁਰਜੀਤ ਸਾਜਨ ਨੂੰ ਇਕ ਪ੍ਰੌਢ ਸ਼ਾਇਰ ਵਜੋਂ ਪੇਸ਼ ਕਰਦੀ ਪੁਸਤਕ ਹੈ। ਇਸ ਗੱਲ ਦਾ ਸ਼ਾਇਦ ਸ਼ਾਇਰ ਨੂੰ ਵੀ ਇਹਸਾਸ ਹੈ, ਇਸੇ ਕਰਕੇ ਇਸ ਕਿਤਾਬ ਨੂੰ ਉਸਨੇ ਭੂਮਿਕਾ ਦੀ ਥੰਮੀ ਦੇਣ ਦੀ ਜ਼ਰੂਰਤ ਨਹੀਂ ਸਮਝੀ। ਭੂਮਿਕਾ ਦੀ ਥਾਂ ਸਿਰਫ਼ ਸੁਰਜੀਤ ਪਾਤਰ ਦੇ ਦੋ ਸ਼ਿਅਰ ਦਿੱਤੇ ਗਏ ਹਨ। ਅੰਤ ਵਿਚ ਇਬਲੀਸ ਵਲੋਂ ਲਿਖਿਆ ਗਿਆ ਸ਼ਾਇਰ ਦਾ ਕਾਵਿ-ਚਿੱਤਰ। ਇਹ ਗ਼ਜ਼ਲ ਸੰਗ੍ਰਹਿ ਆਪਣੀਆਂ ਗ਼ਜ਼ਲਾਂ ਦੇ ਬਲਬੂਤੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਆਪਣਾ ਮੁਕਾਮ ਹਾਸਿਲ ਕਰੇਗਾ, ਇਹ ਮੇਰਾ ਯਕੀਨ ਹੈ।ਇਹ ਕਿਤਾਬ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ ਬਹੁਤ ਹੀ ਖ਼ੂਬਸੂਰਤ ਦਿੱਖ ਵਿਚ ਛਾਪੀ ਗਈ ਹੈ।
ਸੁਰਿੰਦਰ ਸੋਹਲ

ਮਾਨ ਦੇ ਗੀਤ

ਪੁਸਤਕ-ਮਾਨ ਦੇ ਗੀਤ
ਲੇਖਕ-ਜਗਰੂਪ ਸਿੰਘ ਮਾਨ
ਸੰਪਾਦਕ-ਮਲਕੀਤ ਕੌਰ ਮਾਨ
ਪ੍ਰਕਾਸ਼ਕ-ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ-88
ਮੁੱਲ ਪੇਪਰ ਬੈਕ 50
(ਸਜਿਲਦ 100)

ਪੰਜਾਬੀ ਕਾਵਿ-ਖੇਤਰ ਵਿਚ ਗੀਤ ਸਿਨਫ਼ ਨੂੰ ਏਨੀ ਮੁਹਾਰਤ ਹਾਸਿਲ ਹੈ ਕਿ ਇਹ ਪੜ੍ਹਨ ਵਾਲੇ ਦੇ ਦਿਲ ਅੰਦਰ ਅਛੋਪਲੇ ਹੀ ਪਹੁੰਚ ਜਾਂਦੀ ਹੈ, ਜਿਸ ਨੂੰ ਸਮਝਣ, ਜਾਣਨ ਵਿਚ ਵੀ ਬਹੁਤੀ ਕਠਿਨਾਈ ਨਾ ਹੋਣ ਕਰਕੇ ਇਹ ਸਹਿਜ ਹੀ ਅਸਰ-ਅੰਦਾਜ਼ ਹੋ ਜਾਂਦੀ ਹੈ। ਪਝੱਤਰ ਗੀਤਾਂ ਦੇ ਇਸ ਸੰਗ੍ਰਹਿ ਦੀ ਸੰਪਾਦਨਾ ਜਗਰੂਪ ਸਿੰਘ ਮਾਨ ਦੇ ਅਕਾਲ ਚਲਾਣੇ ਤੋਂ ਬਾਦ ਉਹਨਾਂ ਦੀ ਧਰਮ ਪਤਨੀ ਮਲਕੀਤ ਕੌਰ ਮਾਨ ਵਲੋਂ ਕੀਤੀ ਗਈ ਹੈ। ਉਹਨਾਂ ਲਿਖਿਆ ਹੈ ਕਿ ਮਾਨ ਸਾਹਿਬ ਆਪਣੇ ਇਹਨਾਂ ਗੀਤਾਂ ਦੀ ਪੁਸਤਕ ਦਾ ਖਰੜਾ ਪਹਿਲਾਂ ਹੀ ਤਿਆਰ ਕਰ ਗਏ ਸਨ, ਜਿਸ ਨੂੰ ਛਪਵਾ ਕੇ ਮੈਂ ਵੱਡਾ ਮਾਣ ਮਹਿਸੂਸ ਕਰਦੀ ਹਾਂ। ਇਹਨਾਂ ਗੀਤਾਂ ਦੁਆਰਾ ਉਹ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ। ਸੱਚਮੁਚ ਲੇਖਕ ਲੋਕ, ਜਦੋਂ ਤੱਕ ਉਹਨਾਂ ਦੀ ਚਰਨਾ ਰਹਿੰਦੀ ਹੈ, ਉਦੋਂ ਤੱਕ ਜਿਊਂਦੇ ਰਹਿੰਦੇ ਹਨ। ਸੰਪਾਦਕ ਵਲੋਂ ਪੁਸਤਕ ਪ੍ਰਕਾਸ਼ਨ ਵਿਚ ਸਹਿਯੋਗ ਦੇਣ ਲਈ ਦਮਦਮਾ ਸਾਹਿਤ ਸਭਾ (ਰਜਿ.) ਤਲਵੰਡੀ ਸਾਬੋ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਹੈ। ਸੰਪਾਦਕ ਦੇ ਹਵਾਲੇ ਨਾਲ ਜਗਰੂਪ ਸਿੰਘ ਮਾਨ ਦੀ ਸ਼ਖਸੀਅਤ ਖਾਸ ਗੁਣਾ ਦੀ ਟੋਹ ਵੀ ਮਿਲਦੀ ਹੈ ਕਿ ਉਹ ਰੌਣਕੀ, ਹੱਸਮੁਖ, ਰੰਗੀਲੇ ਆਦਮੀ ਸਨ। ਨਿਰਸੰਦੇਹ ਪੁਸਤਕ ਵਿਚ ਹਾਜ਼ਰ ਗੀਤਾਂ ਦੀ ਰਚਨਾ ਅਜਿਹੀ ਸ਼ਖਸੀਅਤ ਦਾ ਮਾਲਕ ਹੀ ਕਰ ਸਕਦਾ ਹੈ।ਇਹਨਾਂ ਗੀਤਾਂ ਵਿਚ ਜਿਸ ਦਰਦ ਦੀ ਅਭਿਵਿਅਕਤੀ ਹੋਈ ਹੈ, ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਸਮੁੱਚੇ ਮਾਨਵ ਦਾ ਦਰਦ ਹੈ। ਵਿਛੋੜੇ ਦੀ ਤੜਪ, ਬੇ-ਵਫ਼ਾਈ ਦੇ ਗਿਲੇ, ਹੁਸਨ ਦੀ ਤਾਰੀਫ਼, ਮਜਬੂਰੀਆਂ ਦੇ ਪਛਤਾਵੇ, ਖੁੰਝਾਏ ਵਕਤ ਦੇ ਹੇਰਵੇ ਦੇ ਵਿਸ਼ਿਆਂ ਨਾਲ ਸੰਬੰਧਿਤ ਗੀਤਾਂ ਤੋਂ ਇਲਾਵਾ ਸਿੱਖੀ ਬਾਬਤ ਨੈਤਿਕ ਮਾਨਤਾਵਾਂ, ਕਲੀਆਂ ਤੇ ਲੋਕ-ਤੱਥਾਂ ਆਦਿ ਬਾਰੇ ਰਚਨਾਵਾਂ ਜਗਰੂਪ ਸਿੰਘ ਮਾਨ ਦੇ ਡੂੰਘੇ ਅਨੁਭਵਾਂ ਦੀ ਤਸਦੀਕ ਹਨ।
ਭੁੱਖਿਆਂ ਤੋਂ ਖੋਹ ਕੇ ਦਾਣੇ
ਕੀੜੀਆਂ ਨੂੰ ਪਾਏਂ ਤੂੰ
ਜੱਗ ਪਾਪਾਂ ਦ ਕਮਾਈ ਦੇ ਕਰਾਏਂ ਤੂੰ
ਦਰ ਆਏ ਨੂੰ ਨਾ ਤੈਥੋਂ ਭੋਰਾ ਖ਼ੈਰ ਸਰਦੀ
ਨਾਂ ਪੱਥਰਾਂ ’ਤੇ ਯਸ਼ ਲਈ ਖੁਦਵਾਏਂ ਤੂੰ।
*****
ਦੱਬ ਕੇ ਕਰੋ ਪੜ੍ਹਾਈਬੇਲੀਓ
ਪੇਪਰ ਆ ਗਏ ਨੇੜੇ।
ਉਹ ਨਾ ਕਦੇ ਤਰੱਕੀ ਕਰਦੇ
ਨਕਲ ਮਾਰਦੇ ਜਿਹੜੇ
ਇਸ ਤਰ੍ਹਾਂ ਦੀ ਸਮਾਜਿਕ ਚੇਤਨਾ ਪੈਦਾ ਕਰਨ ਅਤੇ ਨਰੋਈ ਸੇਧ ਦੇਣ ਵਾਲੀਆਂ ਰਚਨਾਵਾਂ ਕਰਕੇ ਜਗਰੂਪ ਸਿੰਘ ਮਾਨ ਦੇ ਗੀਤਾਂ ਦੀ ਪੁਸਤਕ ਲਈ ਲੋਕ-ਮਨਾਂ ਵਿਚ ਹਰਮਨ-ਪਿਆਰਤਾ ਬਣੀ ਰਹੇਗੀ।
ਸੁਰਜੀਤ ਸਾਜਨ
Ph: 9814904060

‘ਧੂਪ ਛਾਓਂ’-ਮਨਮੋਹਨ ਆਲਮ


ਮਖਲੂਕਾਤ ਨੂੰ ਹੀ ਉਹ ਬਹੁਤ ਸੂਖਮ ਦ੍ਰਿਸ਼ਟੀ ਨਾਲ ਦੇਖਦਾ ਹੈ

‘ਧੂਪ ਛਾਓਂ’ ਮਨਮੋਹਨ ਆਲਮ ਦੀਆਂ ਉਰਦੂ ਗ਼ਜ਼ਲਾਂ ਦਾ ਮਜਮੂਆ ਹੈ, ਜਿਸਨੂੰ ਸੁਰਿੰਦਰ ਸੋਹਲ ਨੇ ਗੁਰਮੁਖੀ ਲਿੱਪੀ ਵਿਚ ਪਰਤਾਇਆ ਹੈ। ਇਸ ਗ਼ਜ਼ਲ-ਸੰਗ੍ਰਹਿ ਨੂੰ ਸੁਖਵੰਤ ਨੇ ਆਪਣੀ ਕਲਾਮਈ ਸੂਝ ਦੀ ਏਨੀ ਗਹਿਰਾਈ ਬਖ਼ਸ਼ੀ ਹੈ ਕਿ ਪੁਸਤਕ ਦੀ ਦਿਖ ਬੜੀ ਹੀ ਖਿੱਚ ਦਾ ਕੇਂਦਰ ਬਣ ਗਈ ਹੈ। ਸ਼ਾਇਰੀ ਦੇ ਇਸ ਖ਼ਜ਼ਾਨੇ ਵਿਚ ਇਕ ਸੌ ਅਠਾਈ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਹ ਸੰਗ੍ਰਹਿ ਮਨਮੋਹਨ ਆਲਮ ਵਲੋਂ ਆਪਣੇ ਵੱਡੇ ਭਰਾ ਪ੍ਰੋ. ਬੀ ਐਮ ਭੱਲਾ ਨੂੰ ਸਮੱਰਪਿਤ ਕੀਤਾ ਗਿਆ ਹੈ।ਪਹਿਲੇ ਪੰਨਿਆਂ ਵਿਚ ਜਿੱਥੇ ਸੁਰਿੰਦਰ ਸੋਹਲ ਨੇ ਸੱਤ ਸੱਤਰਾਂ ਵਿਚ ‘ਇਹ ਸ਼ਾਇਰੀ’ ਉਨਵਾਨ ਤਹਿਤ ਸਮੁੱਚੀ ਰਚਨਾ ਦੀ ਰੂਹ ਦੇ ਦਰਸ਼ਨ ਕਰਵਾਏ ਹਨ, ਉੱਥੇ ‘ਮੇਰੇ ਲੀਏ ਸ਼ਾਇਰੀ’ ਵਿਚ ਆਲਮ ਵਲੋਂ ਸ਼ਾਇਰੀ ਵਿਚ ਆਪਣੇ ਬਾਰੇ, ਆਪਣੀ ਸ਼ਾਇਰੀ ਦੇ ਮਨੋਰਥ ਅਤੇ ਪਸਾਰ ਬਾਰੇ ਚਾਨਣਾ ਪਾਉਂਦੇ ਹੋਏ ਇਸਦੇ ਮੁਤੱਲਕ ਕੁਝ ਸ਼ਖ਼ਸੀਅਤਾਂ ਦੀ ਸ਼ੁਕਰਗੁਜ਼ਾਰੀ ਕੀਤੀ ਗਈ ਹੈ। ਹਰਪਾਲ ਸਿੰਘ ਭਿੰਡਰ (ਯੂ ਐਸ ਏ) ਵਲੋਂ ਮਨਮੋਹਨ ਆਲਮ ਨੂੰ ‘ਲਫ਼ਜ਼ਾਂ ਦਾ ਰਹਿਬਰ’ ਲਿਖਦੇ ਹੋਏ ਉਸਦੀ ਸ਼ਾਇਰੀ ਅਨੁਸਾਰ ਜੋ ਉਸਦੀ ਹੈਸੀਅਤ ਨੂੰ ਉਘਾੜਿਆ ਹੈ, ਉਸਦੀ ਕੋਈ ਮਿਸਾਲ ਦੇਣੀ ਸੰਭਵ ਨਹੀਂ। ਭਿੰਡਰ ਸਾਹਿਬ ਲਿਖਦੇ ਹਨ ਕਿ ਮਨਮੋਹਨ ਆਲਮ ਨੂੰ ਮੈਂ ਅਜੇ ਤੱਕ ਨਿੱਜੀ ਤੌਰ ’ਤੇ ਮਿਲਿਆ ਨਹੀਂ, ਪਰ ਉਹ ਨਾਂ ਦਾ ਹੀ ਆਲਮ ਨਹੀਂ, ਨਿਊਯਾਰਕ ਵਿਚ ਵਸਦਾ ਲਫ਼ਜ਼ਾਂ ਦਾ ਵੀ ਆਲਮ ਹੈ। ਉਸਦੀ ਸ਼ਾਇਰੀ ਇਸ਼ਕ ਮਜ਼ਾਜੀ ਤੋਂ ਇਸ਼ਕ ਹਕੀਕੀ ਵੱਲ ਨਹੀਂ ਜਾਂਦੀ ਸਗੋਂ ਉਸਦੇ ਇਸ ਸਫ਼ਰ ਦਾ ਆਰੰਭ ਹੀ ਇਸ਼ਕ ਹਕੀਕੀ ਤੋਂ ਹੁੰਦਾ ਹੈ।ਸਾਹਿਤ ਵਿਚ ਅਨੁਵਾਦ ਵਾਂਗ ਹੀ ਲਿੱਪੀਅੰਤਰ ਦਾ ਵੀ ਮਹੱਤਵ ਹੈ ਭਾਵੇਂ ਕਿ ਅਨੁਵਾਦ ਵਿਚ ਲਿੱਪੀਅੰਤਰ ਨਾਲੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਚਰਚਾ ਅਧੀਨ ਪੁਸਤਕ ਦਾ ਅਸਲ ਰੂਪ ਸ਼ਾਹਮੁਖੀ ਹੈ, ਪਰੰਤੂ ਗੁਰਮੁਖੀ ਲਿੱਪੀ ਵਿਚ ਲਿੱਪੀਅੰਤਰ ਹੋਣ ਨਾਲ ਇਸਦੀ ਉਹਨਾਂ ਪਾਠਕਾਂ ਤੱਕ ਪਹੁੰਚ ਬਣ ਗਈ ਹੈ, ਜਿਹੜੇ ਲੋਕ ਸ਼ਾਹਮੁਖੀ ਤੋਂ ਇਸ ਰਚਨਾ ਦਾ ਆਨੰਦ ਲੈਣ ਦਾ ਸੁਪਨਾ ਵੀ ਨਹੀਂ ਲੈ ਸਕਦੇ ਸਨ। ਮਨਮੋਹਨ ਆਲਮ ਦਾ ਜਨਮ ਭਾਵੇਂ ਪਾਕਿਸਤਾਨ ਦਾ ਹੈ, ਪਰ ਉਸਨੇ ਬੀ ਏ ਡੀ ਏ ਵੀ ਕਾਲਜ ਜਲੰਧਰ ਤੋਂ ਅਤੇ ਐਮ ਏ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਇਸ ਤਰ੍ਹਾਂ ਉਸਦਾ ਮੂਲ ਭਾਰਤੀ ਪੰਜਾਬੀ ਬਣਦਾ ਹੈ ਅਤੇ ਭਾਰਤੀ ਪੰਜਾਬੀਆਂ ਨਾਲ ਇਸ ਰਚਨਾ ਦੀ ਸਾਂਝ ਗੁਰਮੁਖੀ ਲਿੱਪੀ ਕਾਰਨ ਹੀ ਬਣੀ ਹੈ। ਕਿਤੇ ਵਜੋਂ ਮਨਮੋਹਨ ਆਲਮ ਮਨੋਵਿਗਿਆਨੀ ਹੈ, ਜਿਸ ਕਰਕੇ ਮਨੁੱਖਤਾ ਨੂੰ ਹੀ ਨਹੀਂ ਕੁਲ ਮਖਲੂਕਾਤ ਨੂੰ ਹੀ ਉਹ ਬਹੁਤ ਸੂਖਮ ਦ੍ਰਿਸ਼ਟੀ ਨਾਲ ਦੇਖਦਾ ਹੈ। ਇਹਨਾਂ ਅਨੁਭਵਾਂ ਨੂੰ ਹੀ ਉਸਨੇ ਆਪਣੀਆਂ ਗ਼ਜ਼ਲਾਂ ਵਿਚ ਢਾਲਿਆ ਹੋਇਆ ਹੈ। ਪੁਸਤਕ ਵਿਚਲੀਆਂ ਗ਼ਜ਼ਲਾਂ ਵਿਚ ਭਾਵੇਂ ਧਾਰਮਿਕ, ਸਮਾਜਿਕ, ਮਾਨਸਿਕ, ਸਭਿਆਚਾਰਕ ਜਾਂ ਰੂਹਾਨੀਅਤ ਦੀ ਗੱਲ ਕੀਤੀ ਹੋਵੇ, ਉਸਦਾ ਆਪਣਾ ਹੀ ਫਲਸਫਾਨਾ ਮੁਹਾਵਰਾ ਹੈ। ਕਾਵਿ-ਵਿਧਾਨ ਦੀ ਦ੍ਰਿਸ਼ਟੀ ਤੋਂ ਵੀ ਇਹ ਚਰਨਾ ਉੱਚ ਪਾਏ ਦੀ ਹੈ ਕਿਉਂਕਿ ਲਿੱਪੀਅੰਤਰਕਾਰ ਖ਼ੁਦ ਵੀ ਅਰੂਜ਼ ਦਾ ਗਿਆਤਾ ਹੋਣ ਕਰਕੇ, ਇਸ ਸਾਰਥਕ ਸ਼ਾਇਰੀ ਨੂੰ ਉਸਨੇ ਆਮ ਪਾਠਕ ਦੇ ਸਨਮੁਖ ਕਰਨ ਦਾ ਉੱਦਮ ਕੀਤਾ ਹੈ। ਇਹ ਪੁਸਤਕ ਹਰੇਕ ਪਾਠਕ ਨੂੰ ਉਚੇਚੇ ਤੌਰ ’ਤੇ ਪੜ੍ਹਨੀ ਚਾਹੀਦੀ ਹੈ।
ਸੁਰਜੀਤ ਸਾਜਨ
Ph: 9814904060