Thursday, June 24, 2010

ਖੰਡਰ, ਖ਼ਾਮੋਸ਼ੀ ਤੇ ਰਾਤ


ਖੰਡਰ, ਖ਼ਾਮੋਸ਼ੀ ਤੇ ਰਾਤ

ਆਧੁਨਿਕ ਮਨੁੱਖ ਦੀ ਜ਼ਿੰਦਗੀ ਦਾ ਬਿੰਬ


ਪ੍ਰਕਾਸ਼ਕ: ਕੁਕਨੁਸ ਪ੍ਰਕਾਸ਼ਨ, ਜਲੰਧਰ


ਸੁਰਿੰਦਰ ਸੋਹਲ ਦੇ ਗ਼ਜ਼ਲ ਸੰਗ੍ਰਹਿ ‘ਖੰਡਰ, ਖ਼ਾਮੋਸ਼ੀ ਤੇ ਰਾਤ’ ਵਿਚ ਗ਼ਜ਼ਲਾਂ ਦਾ ਸਮੁੱਚਾ ਪਾਸਾਰ ਬੜਾ ਦਿਲਚਸਪ ਹੈ। ਇਸ ਪਾਸਾਰ ਵਿਚ ਸਿਰਜੇ ਕਾਵਿ-ਚਿਹਨਾਂ ਦੀ ਸਮਾਨਾਂਤਰ ਤਰਤੀਬ, ਤੁਲਨਾ, ਟੱਕਰ/ਵਿਰੋਧ-ਜੁਟਤਾ ਤੇ ਸੰਯੁਕਤੀ, ਇਕ ਵਿਸ਼ੇਸ਼ ਰਿਦਮ ’ਚ ਵਿਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।

ਉਸਦੀ ਪੁਸਤਕ ਵਿਚਲਾ ਪਹਿਲਾ ਸ਼ੇਅਰ ਹੀ ਜ਼ਿੰਦਗੀ ਦੀ ਬੇਕਾਰੀ, ਅਜਨਬੀਅਤ, ਅਗਿਆਨਤਾ ਅਤੇ ਅਨਿਆਂ ਆਦਿ ਨੂੰ ਇਹਦੇ ਨਾਲ ਸੰਬੰਧਿਤ ਕਾਵਿ-ਚਿਹਨਾਂ ਰਾਹੀਂ ਇਉਂ ਚਿਹਨਤ ਕਰਨ ਲਗਦਾ ਹੈ ਕਿ ਉਸਦੀ ਪਿੱਠ ਭੂਮੀ ਵਿਚ ਸਮਾਈ ਫਿਲਾਸਫੀ ਜਾਂ ਵਿਚਾਰਧਾਰਾ ਵੀ ਪ੍ਰਵਾਹਿਤ ਹੋਣ ਲੱਗਦੀ ਹੈ-


ਤਿੱਤਲੀ, ਝਾਂਜਰ ਜਾਂ ਧੁੱਪ ਨੇ

ਕੀ ਇਸ ਦੇ ਵੱਲ ਪਾਉਣੀ ਹੈ ਝਾਤ।

ਜੀਵਨ ਦੀ ਤਸਵੀਰ ’ਚ ਨੇ ਜਦ

ਖੰਡਰ, ਖ਼ਾਮੋਸ਼ੀ ਤੇ ਰਾਤ।


ਚਿਹਨਾਂ ਦੇ ਰਹੱਸ ਨੂੰ ਖੋਲ੍ਹਦਿਆਂ ਜਿਹੜਾ ਅਸੰਗਤ ਤੇ ਵਿਰੋਧ-ਜੁੱਟਤਾ ਦਾ ਪ੍ਰਸੰਗ ਬਣਦਾ ਹੈ-

ਤਿੱਤਲੀ ਝਾਂਜਰ ਧੁੱਪ


ਖੰਡਰ ਖ਼ਾਮੋਸ਼ੀ ਰਾਤ


ਉਸ ਵਿਚ ਤਿੱਤਲੀ ਤੇ ਖੰਡਰ, ਝਾਂਜਰ ਤੇ ਖ਼ਾਮੋਸ਼ੀ ਅਤੇ ਧੁੱਪ ਤੇ ਰਾਤ ਦੇ ਚਿਹਨ ਆਪਸ ਵਿਚ ਨਿਰਾਰਥਕ ਰਿਸ਼ਤੇ ਵਿਚ ਪੇਸ਼ ਹੋਏ ਹਨ। ਤਿੱਤਲੀ ਲਈ ਖੰਡਰ ਦੀ ਕੋਈ ਸਾਰਥਕਤਾ ਨਹੀਂ, ਖ਼ਾਮੋਸ਼ੀ ਵਿਚ ਝਾਂਜਰ ਦੀ ਕੋਈ ਸਾਰਥਕਤਾ ਨਹੀਂ ਅਤੇ ਰਾਤ ’ਚ ਧੁੱਪ ਸ਼ਾਮਿਲ ਨਹੀਂ ਹੋ ਸਕਦੀ, ਇਹਨਾਂ ’ਚ ਅਸੀਮ ਪਾੜਾ ਹੈ।ਤਿਤਲੀ, ਝਾਂਜਰ ਅਤੇ ਧੁੱਪ ਦੇ ਚਿਹਨ ਸੰਯੁਕਤ ਰੂਪ ਜ਼ਿੰਦਗੀ ਦੀਆਂ ਸੱਧਰਾਂ, ਖ਼ੁਸ਼ੀਆਂ, ਸੁਪਨਿਆਂ, ਉਮੰਗਾਂ ਜਾਂ ਜੀਣ-ਥੀਣ ਦੇ ਚਿਹਨ ਹਨ। ਦੂਜੇ ਪਾਸੇ ਖੰਡਰ, ਖ਼ਾਮੋਸ਼ੀ ਅਤੇ ਰਾਤ, ਜ਼ਿੰਦਗੀ ਦੀ ਬੇਕਾਰੀ, ਖ਼ੌਫ਼, ਉਦਾਸੀ, ਇਕਲਾਪੇ, ਬੇਗਾਨਗੀ, ਅਜਨਬੀਅਤ, ਅਨਿਆਂ ਅਤੇ ਅਗਿਆਨਤਾ ਆਦਿ ਚਿਹਨ ਹਨ। ਪਹਿਲੇ ਵਰਗ ਦੇ ਚਿਹਨ ਅਚੇਤ-ਸੁਚੇਤ ਤੌਰ ’ਤੇ ਸਾਨੂੰ ਮਨੁੱਖੀ ਤਮੰਨਾ ਨਾਲ ਜੋੜਦੇ ਹਨ ਅਤੇ ਦੂਜੇ ਵਰਗ ਦੇ ਚਿਹਨ (ਖੰਡਰ, ਖ਼ਾਮੋਸ਼ੀ ਤੇ ਰਾਤ, ਜੋ ਪੁਸਤਕ ਦਾ ਸਿਰਲੇਖ ਵੀ ਹੈ) ਮਨੁੱਖੀ ਜ਼ਿੰਦਗੀ ਦੀ ਹਕੀਕਤ (ਜੀਵਨ ਦੀ ਤਸਵੀਰ) ਦੇ ਰੂਬਰੂ ਕਰਦੇ ਹਨ।

ਇਉਂ ਇਹ ਕਾਵਿ ਸਾਨੂੰ ਜ਼ਿੰਦਗੀ ਦੀ ਉਸ ਵਿਡੰਬਨਾਤਮਕ ਸਥਿਤੀ ’ਚ ਲੈ ਆਉਂਦਾ ਹੈ, ਜਿਥੇ ਮਨੁੱਖ ਇਕ ਪਾਸੇ ਤਾਂ ਆਪਣੀਆਂ ਸੱਧਰਾਂ ਤੇ ਸੁਪਨਿਆਂ ਆਧਾਰਿਤ ਜੀਣਾ-ਥੀਣਾ ਚਾਹੁੰਦਾ ਹੈ ਅਤੇ ਇਸ ਅਨੁਸਾਰ ਹੋਣਾ ਤਾਂ ਇੰਝ ਚਾਹੀਦਾ ਹੈ-

ਤਿਤਲੀ-ਫੁੱਲ/ਮਹਿਕਾਂ

ਝਾਂਜਰ-ਸੁਰ/ਰਿਦਮ

ਧੁੱਪ-ਦਿਨ/ਸਵੇਰਾ

ਪਰ ਦੂਜੇ ਪਾਸੇ ਹਕੀਕਤ ਵਿਚ ਇੰਝ ਹੈ ਨਹੀਂ। ਪ੍ਰਾਪਤੀ ਕੁਝ ਹੋਰ ਹੀ ਹੈ। ਇਹੀ ਮਨੁੱਖ ਦੀ ਜ਼ਿੰਦਗੀ ਦੀ ਵਿਡੰਬਨਾ, ਮਨੁੱਖੀ ਹੋਂਦ ਦਾ ਸੰਤਾਪ, ਸਾਡੀ ਸੁਸਾਇਟੀ ਵਿਚ ਵਿਚਰਦੇ ਮਨੁੱਖ ਦਾ ਜੀਵ ਦਰਸ਼ਨ! ਕਿ ਇਥੇ ਇੱਛਾਵਾਂ ਦੀ ਪੂਰਤੀ ਅਸੰਭਵ ਹੈ ਅਤੇ ਇਸ ਸੋਝੀ ਵਿਚੋਂ ਇਹ ਕਾਵਿ ਉਦਾਸੀ ਦੀ ਧੁਨ (ਕੀ ਇਸ ਦੇ ਵੱਲ ਪਾਉਣੀ ਹੈ ਝਾਤ) ਉਭਾਰਦਾ ਹੈ।ਸਮੁੱਚੀ ਪੁਸਤਕ ਵਿਚ ਮਨੁੱਖ ਦੀ ਉਪਰੋਕਤ ਸਥਿਤੀ ਨਾਲ ਸੰਬੰਧਿਤ ਚਿਹਨ ਥਾਂ ਪਰ ਥਾਂ ਪਏ ਹਨ, ਜੋ ਕਿਸੇ ਨਾ ਕਿਸੇ ਰੂਪ ਵਿਚ ਬੇਕਾਰੀ, ਉਦਾਸੀ, ਖ਼ੌਫ਼, ਅਜਨਬੀਅਤ, ਬੇਗਾਨਗੀ, ਜ਼ੁਲਮ, ਅਨਿਆਂ ਅਤੇ ਅਗਿਆਨਤਾ ਆਦਿ ਨੂੰ ਚਿਹਨਤ ਕਰਦੇ ਹਨ।

ਉਹ ਜਦੋਂ ਗ਼ਜ਼ਲ ਨੂੰ ਉਸਾਰਦਾ ਹੈ ਤਾਂ ਗ਼ਜ਼ਲ ਇਕ ਸ਼ਬਦ ਤੋਂ ਆਰੰਭ ਹੋ ਕੇ ਅਖ਼ੀਰਲੇ ਸ਼ਬਦ ਤੱਕ ਇਕ ਰਿਦਮ ’ਚ ਫੈਲਦੀ ਹੈ ਅਤੇ ਸ਼ਾਇਰ ਉਪਰੋਕਤ ਨਾਲ ਸੰਬੰਧਿਤ ਚਿਹਨਾਂ (ਚੁੱਪ, ਮੁਸਕਾਨ, ਹਰੇ, ਪੀਲੇ, ਦਿਨ, ਰਾਤ, ਰੌਸ਼ਨੀ, ਹਨ੍ਹੇਰ, ਬਰੇਤੀ, ਨਦੀ, ਮਾਰੂਥਲ, ਹਰਿਆਵਲ, ਜੁਗਨੂੰ, ਦੀਵਾ, ਸੂਰਜ, ਧੂੰਆਂ, ਧੁੰਦ, ਮੱਸਿਆ ਆਦਿ ਅਨੇਕ ਹੋਰ) ਨੂੰ ਸ਼ਿਅਰਾਂ-ਗ਼ਜ਼ਲਾਂ ਵਿਚ ਵਰਟੀਕਲ ਤੇ ਹਾਰੀਜ਼ੈਂਟਲ ਰੁੱਖ ਵਿਚ ਫੈਲਾਉਂਦਾ ਜਾਂਦਾ ਹੈ। ਇਸ ਗੱਲ ਦੇ ਸਬੂਤ ਵਜੋਂ ਮੈਂ ਕੁਝ ਨਮੂਨੇ ਹਾਜ਼ਰ ਕਰਕੇ, ਇਸ ਸੰਬੰਧੀ ਬਹੁਤ ਕੁਝ ਕਹਿਣਯੋਗ ਹੋਣ ਦੇ ਬਾਵਜੂਦ ਗ਼ਜ਼ਲਾਂ ਦੀ ਵਿਸਤ੍ਰਿਤ ਚਰਚਾ ਵਿਚ ਨਹੀਂ ਪੈ ਰਿਹਾ। ਸਿਰਫ਼ ਗ਼ਜ਼ਲਾਂ ’ਚ ਪ੍ਰਵੇਸ਼ ਹੋਣ ਅਤੇ ਉਹਨਾਂ ਦੀ ਸਮਰੱਥਾ ਦਾ ਰਹੱਸ ਹੀ ਸਾਂਝਾ ਕਰਕੇ ਆਪਣੀ ਗੱਲ ਸਮਾਪਤ ਕਰਦਾ ਹਾਂ-

ਨਾ ਕਿਤੇ ਜੁਗਨੂੰ, ਕੋਈ ਸੂਰਜ, ਕੋਈ ਦੀਵਾ ਮਿਲੇ।

ਹੁਣ ਸੁਰਿੰਦਰ ਹਰ ਥਾਂ ਧੂੰਆਂ, ਧੁੰਦ ਤੇ ਮੱਸਿਆ ਮਿਲੇ।


ਸੀ ਜਿਸ ਦੀ ਡਾਇਰੀ ਦੇ ਵਿਚ ਪਤੇ, ਬੱਦਲਾਂ ਸਮੁੰਦਰਾਂ ਦੇ।

ਹਮੇਸ਼ਾ ਖ਼ਤ ਉਨੂੰ ਆਉਂਦੇ ਸੀ, ਮਾਰੂਥਲ ਤੇ ਬੰਜਰਾਂ ਦੇ।


ਪਰਮਿੰਦਰਜੀਤ ਸੰਪਾਦਕ-ਅੱਖਰ (ਮਾਸਿਕ ਪੱਤਰ)

1 comment:

  1. ‘ਖੰਡਰ, ਖ਼ਾਮੋਸ਼ੀ ਤੇ ਰਾਤ’ ਦਾ ਰਿਵਿਊ ਪੜ੍ਹਕੇ ਮੈਨੂੰ ਕਿਤਾਬ ਦੀ ਰੂਹ ਦੇ ਦਰਸ਼ਨ ਹੋ ਗਏ ਨੇ |ਇਸ ਲਈ ਮੈਂ ਪਰਮਿੰਦਰਜੀਤ ਦਾ ਦਿਲੋਂ ਧਨਵਾਦੀ ਹਾਂ ਜਿਸਨੇ ਮੈਨੂੰ ਪਿਆਰੀ ਕਿਤਾਬ ਪੜ੍ਹਣ ਲਈ ਬੇਤਾਬ ਕੀਤਾ-ਰੂਪ ਦਬੁਰਜੀ

    ReplyDelete