Saturday, June 26, 2010

ਬਲੀ (ਨਾਵਲ)

ਬਲੀ (ਨਾਵਲ)
ਲੇਖਕ:ਹਰਮਹਿੰਦਰ ਚਹਿਲ
(ਫੋਨ:703-362-3239)


ਪ੍ਰਕਾਸ਼ਕ: ਸ਼ਿਵ ਪ੍ਰਕਾਸ਼ਨ, ਜਲੰਧਰ
ਪੰਨੇ: 240 ਮੁੱਲ: 205 ਰੁਪਏ



ਬਹੁਤ ਘੱਟ ਲੇਖਕਾਂ ਦੇ ਹਿੱਸੇ ਆਉਂਦਾ ਹੈ ਕਿ ਉਹਨਾ ਦੀ ਪਹਿਲੀ ਪੁਸਤਕ ਹੀ ਪਾਠਕ ਜਗਤ ਦਾ ਉਚੇਚਾ ਧਿਆਨ ਖਿੱਚ ਲਵੇ। ਅਜਿਹੇ ਖੁਸ਼ਕਿਸਮਤ ਲੇਖਕ ਜਾਂ ਤਾਂ ਅਸਾਧਾਰਣ ਪ੍ਰਤਿਭਾ ਦੇ ਮਾਲਕ ਹੁੰਦੇ ਹਨ ਅਤੇ ਜਾਂ ਫਿਰ ਉਹਨਾਂ ਦੀ ਪੁਸਤਕ ਵਿੱਚ ਹੀ ਕੋਈ ਅਜਿਹੀ ਖਾਸ ਗੱਲ ਹੁੰਦੀ ਹੈ ਜੋ ਨਿਸ਼ਚਤ ਸਮੇਂ ਸਥਾਨ ਦੇ ਪ੍ਰਸੰਗ ਵਿੱਚ ਉਸਨੂੰ ਗੌਲਣਯੋਗ ਬਣਾ ਦਿੰਦੀ ਹੈ।ਅਮਰੀਕਾ ਵਸਦੇ ਲੇਖਕ ਹਰਮਹਿੰਦਰ ਚਹਿਲ ਦੇ ਪਲੇਠੀ ਦੇ ਨਾਵਲ ‘ਬਲੀ’ ਦੇ ਸਬੰਧ ਵਿੱਚ ਦੂਜੀ ਗੱਲ ਵਧੇਰੇ ਸਹੀ ਹੈ।ਹਰਮਹਿੰਦਰ ਚਹਿਲ ਪੰਜਾਬੀ ਸਿਰਜਣਾਤਮਕ ਸਾਹਿਤ ਦੇ ਜਗਤ ਲਈ ਬਿਲਕੁਲ ਨਵਾਂ ਨਾਉਂ ਹੈ ਅਤੇ ਜੇ ਉਸਦਾ ਨਾਵਲ ਪ੍ਰਕਾਸ਼ਤ ਹੋਣ ਦੇ ਝੱਟ ਪਿੱਛੋਂ ਗੰਭੀਰ ਸਾਹਿਤਕ ਹਲਕਿਆਂ ਦਾ ਧਿਆਨ ਖਿੱਚ ਰਿਹਾ ਹੈ ਤਾਂ ਇਸ ਦਾ ਕਾਰਨ ਇਹ ਨਹੀਂ ਕਿ ਇਸ ਦੇ ਰਾਹੀਂ ਕੋਈ ਅਸਾਧਾਰਨ ਤੌਰ ਤੇ ਨਵੇਕਲੀ ਪ੍ਰਤਿਭਾ ਵਾਲਾ ਨਵਾਂ ਲੇਖਕ ਨਮੂਦਾਰ ਹੋਇਆ ਹੈ, ਸਗੋਂ ਇਹ ਹੈ ਕਿ ਇਸ ਵਿੱਚ ਜਿਸ ਵਿਸ਼ੈ-ਵਸਤੂ ਦੀ ਪੇਸ਼ਕਾਰੀ ਹੋਈ ਹੈ, ਉਸਦੀ ਪੰਜਾਬੀ ਸਾਹਿਤ-ਜਗਤ ਨੂੰ ਉਡੀਕ ਬਣੀ ਹੋਈ ਸੀ।ਮੰਨਿਆਂ ਜਾਂਦਾ ਹੈ ਕਿ ਕਿਸੇ ਵੀ ਦੇਸ਼ ਜਾਂ ਸਮੂਹ ਦੇ ਜਨ-ਜੀਵਨ ਵਿੱਚ ਵਾਪਰੇ ਵੱਡੇ ਸਾਕਿਆਂ ਜਾਂ ਹਾਦਸਿਆਂ ਵਿੱਚੋਂ ਸਮੇਂ ਦੀ ਇੱਕ ਵਿੱਥ ਤੋਂ ਹੀ ਚੰਗੀ ਸਾਹਿਤ-ਸਿਰਜਣਾ ਸੰਭਵ ਹੁੰਦੀ ਹੈ।ਜਦਕਿ ਤੱਟ ਫੱਟ ਦੇ ਸਾਹਿਤਕ ਪ੍ਰਤੀਕਰਮ ਵਿੱਚ ਬਹੁਤ ਕੁਝ ਅਜਿਹਾ ਰਲ ਜਾਂਦਾ ਹੈ ਜੋ ਅਕਸਰ ਰਚਨਾ ਨੂੰ ਚਿਰਕਾਲੀ ਮਹੱਤਵ ਤੋਂ ਵਾਂਝਿਆਂ ਕਰ ਦਿੰਦਾ ਹੈ।ਸੰਤਾਲੀ ਦੇ ਦੇਸ਼-ਵੰਡ ਬਾਰੇ ਭਾਰਤੀ ਭਾਸ਼ਾਵਾਂ ਵਿੱਚ ਵਧੇਰੇ ਜ਼ਿਕਰਯੋਗ ਰਚਨਾਵਾਂ ਦੁਖਾਂਤ ਦੇ ਵਾਪਰਨ ਤੋਂ ਕਈ ਦਹਾਕੇ ਮਗਰੋਂ ਆਈਆਂ ਹਨ।ਇਹੀ ਗੱਲ ਪੰਜਾਬ ਸੰਤਾਪ ਦੇ ਵਰ੍ਹਿਆਂ ਨਾਲ ਸਬੰਧਤ ਰਚਨਾਵਾਂ ਬਾਰੇ ਕਲਪੀ ਜਾ ਸਕਦੀ ਹੈ।ਸਾਕਾ ਨੀਲਾ ਤਾਰਾ ਦੇ ਅੱਗੜ-ਪਿੱਛੜ ਦੇ ਵਰ੍ਹਿਆਂ ਵਿੱਚ ਅਤਿਵਾਦ, ਵੱਖਵਾਦ ਜਾਂ ਖਾੜਕੂਪੁਣੇ ਦੇ ਹਵਾਲੇ ਨਾਲ ਜੋ ਸਰਕਾਰੀ, ਗੈਰ-ਸਰਕਾਰੀ ਝੱਖੜ ਝੁਲਿਆ, ਉਸ ਬਾਰੇ ਸਾਡੀ ਜ਼ੁਬਾਨ ਵਿੱਚ ਤੱਤਕਾਲ ਵਿੱਚ ਹੀ ਅਵੱਸ਼ ਕਈ ਮਹੱਤਵਪੂਰਨ ਰਚਨਾਵਾਂ ਸਾਹਮਣੇ ਆਈਆਂ ਸਨ ਅਤੇ ਉਹਨਾਂ ਉੱਪਰ ਚਰਚਾ ਵੀ ਹੋਈ ਸੀ।ਤਦ ਵੀ ਇਸ ਦੁਖਾਂਤ ਉੱਪਰ ਇੱਕ ਵਿੱਥ ਤੋਂ ਸਿਰਜਣਾਤਮਕ ਝਾਤ ਪਾਉਣ ਦੀ ਲੋੜ ਬਣੀ ਹੋਈ ਹੈ।ਸ਼ਾਇਦ ਏਸੇ ਲਈ ਪੰਜਾਬ ਸੰਤਾਪ ਬਾਰੇ ਰਚਨਾਵਾਂ ਕਰਨ ਵਾਲੇ ਪ੍ਰਮਾਣਕ ਹਸਤਾਖਰ ਮੰਨੇ ਜਾਂਦੇ ਵਰਿਆਮ ਸੰਧੂ ਨੇ ਵਰ੍ਹਿਆਂ ਪਿੱਛੋਂ ਛਪੀ ਆਪਣੀ ਸੱਜਰੀ ਕਥਾ-ਰਚਨਾ ‘ਰਿਮ ਝਿਮ ਪਰਬਤ’ ਵਿੱਚ ਇਸ ਵਿਸ਼ੇ ਨੂੰ ਮੁੜ ਛੋਹਣਾ ਉਚਿਤ ਸਮਝਿਆ ਹੈ।ਹਰਮਹਿੰਦਰ ਚਹਿਲ ਦੇ ਨਾਵਲ ਨੇ ਵੀ ਕਿਉਂਕਿ ਸਮੇਂ ਦੀ ਦੂਰੀ ਤੋਂ ਇਸ ਦੁਖਾਂਤ ਦੀ ਬਾਤ ਪਾਈ ਹੈ ਅਤੇ ਸਮਕਾਲ ਵਿੱਚ ਇਸ ਵਿਸ਼ੇ ਨੂੰ ਛੋਹਣ ਵਾਲਾ ਇਹ ਪਹਿਲਾ ਨਾਵਲ ਹੈ, ਏਸੇ ਲਈ ਆਪਣੇ ਵਿਸ਼ੇ-ਵਸਤੂ ਕਾਰਨ ਹੀ ਇਹ ਇੱਕ ਗੌਲੇ ਜਾਣ ਵਾਲੀ ਰਚਨਾ ਬਣ ਜਾਂਦਾ ਹੈ।ਅਮਰੀਕਾ ਵਰਗੇ ਦੇਸ਼ ਵਿੱਚ ਸਮੇਂ ਸਥਾਨ ਦੀ ਵਿੱਥ ਨੇ ਉੱਥੇ ਵਸਦੇ ਬਹੁਤੇ ਪੰਜਾਬੀਆਂ ਨੂੰ ਤਾਂ ਪੰਜਾਬ ਦੇ ਅੱਸੀਵਿਆਂ ਦੇ ਸੰਤਾਪ ਦੇ ਸਬੰਧ ਵਿੱਚ ਉਹ ਨਿਰਪੇਖ ਸੋਚਣੀ ਪ੍ਰਦਾਨ ਨਹੀਂ ਕੀਤੀ, ਜਿਸਦੀ ਕਿ ਆਸ ਕੀਤੀ ਜਾਣੀ ਚਾਹੀਦੀ ਸੀ।ਪਰ ਲੇਖਕ ਹਰਮਹਿੰਦਰ ਚਹਿਲ ਨੇ ਅਵੱਸ਼ ਅਮਰੀਕਾ ਵਿੱਚ ਰਹਿੰਦਿਆਂ ਹੋਇਆਂ ਆਪਣੇ ਅਨੁਭਵ ਨੂੰ ਸਮੇਂ ਦੀ ਸਾਣ ਉੱਤੇ ਲਾ ਕੇ, ਨਿੱਜੀ ਦੁੱਖ ਸੁੱਖ ਚੋਂ ਉਭਰਦੀ ਰੋਹ ਜਾਂ ਰੁਦਣ ਦੀ ਭਾਵਕਤਾ ਉਪਭਾਵਕਤਾ ਤੋਂ ਦੂਰ ਰਹਿਕੇ ਜੋ ਨਾਵਲ ਲਿਖਿਆ ਹੈ, ਉਹ ਉਸਦੀ ਨਿਰਪੇਖ ਯਥਾਰਥਕ ਸੂਝ ਬੂਝ ਦਾ ਭਰਵਾਂ ਪ੍ਰਮਾਣ ਪੇਸ਼ ਕਰਦਾ ਹੈ।ਇੰਝ ਨਾਵਲ ਦੇ ਗੌਲਣਯੋਗ ਰਚਨਾ ਬਣਨ ਵਿੱਚ ਇਸਦੇ ਵਿਸ਼ੈ-ਵਸਤੂ ਦਾ ਹੀ ਨਹੀਂ, ਇੱਕ ਹੱਦ ਤੱਕ ਇਸ ਦੀ ਪੇਸ਼ਕਾਰੀ ਦੀ ਜੁਗਤ ਦਾ ਵੀ ਯੋਗਦਾਨ ਹੈ।ਇੱਕ ਗੁੰਦਵੀਂ ਕਥਾ ਰਾਹੀਂ ਤਥਾਕਥਿਤ ਖਾੜਕੂਵਾਦ ਦੀ ਲਹਿਰ ਦੇ ਉਥਾਨ, ਇਸਦੀ ਚੜ੍ਹਤ, ਆਮ ਲੋਕਾਂ ਦੇ ਜੀਵਨ ੳੁੱਤੇ ਇਸਦੇ ਪ੍ਰਭਾਵ, ਸਰਕਾਰੀ ਮਸ਼ੀਨਰੀ ਦੀ ਕਾਰਗੁਜਾਰੀ, ਨੇਤਾਵਾਂ ਦੇ ਕਿਰਦਾਰ ਆਦਿ ਦੀਆਂ ਦਿਸਦੀਆਂ ਤੇ ਲੁਕਵੀਆਂ ਪਰਤਾਂ ਨੂੰ ਲੇਖਕ ਨੇ ਨਾਵਲ ਵਿੱਚ ਇੰਝ ਸਮੋਇਆ ਹੈ ਜਿਵੇਂ ਕਿ ਉਹ ਇਸ ਵਿਸ਼ੇ ਉੱਤੇ ਕੋਈ ਵਿਉਂਤਬੱਧ ਖੋਜ ਦੇ ਪਰਿਣਾਮ ਪੇਸ਼ ਕਰ ਰਿਹਾ ਹੋਵੇ।ਇਤਿਹਾਸ, ਰਾਜਨੀਤੀ ਜਾਂ ਸਮਾਜ ਵਿਗਿਆਨ ਦੇ ਵਿਸ਼ੇ ਨਾਲ ਜੁੜੀ ਇਸ ਤਰਾਂ ਦੀ ਖੋਜ ਵਿਚਲੇ ਤੱਥਾਤਮਕ ਸਿੱਟਿਆਂ ਨੂੰ ਕਿਸੇ ਸਕਾਲਰ ਵੱਲੋਂ ਰੌਚਿਕ ਬਿਰਤਾਂਤਕ ਸੰਗਠਨ ਵਿੱਚ ਢਾਲ ਸਕਣਾ ਸੰਭਵ ਨਹੀਂ।ਇਸ ਮੰਤਵ ਲਈ ਕੋਈ ਸਿਰਜਕ ਦਰਕਾਰ ਹੁੰਦਾ ਹੈ, ਜੋ ਪ੍ਰਾਪਤ ਤੱਥਾਂ ਨੂੰ ਮਾਨਵੀ ਸੰਵੇਦਨਾ ਦੀਆਂ ਛੋਹਾਂ ਵੀ ਦੇ ਸਕਦਾ ਹੋਵੇ।ਹਰਮਹਿੰਦਰ ਚਹਿਲ ਨੇ ਇਤਿਹਾਸਕ ਬਿਰਤਾਂਤ ਨੂੰ ਮਾਨਵੀ ਛੋਹਾਂ ਦੇਣ ਵਾਲਾ ਇਹ ਕਾਰਜ ਬਾਖੂਬੀ ਨਿਭਾਇਆ ਹੈ।ਇੱਕ ਗਲਪਕਾਰ ਵਜੋਂ ਪੰਜਾਬ ਸੰਤਾਪ ਦੇ ਤੱਥਾਤਮਕ ਵੇਰਵਿਆਂ ਨੂੰ ਜੋ ਮਾਨਵੀ ਛੋਹਾਂ ਲੇਖਕ ਨੇ ਦਿੱਤੀਆਂ ਹਨ, ਉਹਨਾਂ ਕਰਕੇ ਨਾਵਲ ਇੱਕ ਅਜਿਹੀ ਰਚਨਾ ਬਣ ਗਿਆ ਹੈ ਜਿਸ ਦਾ ਪਾਠ ਸੰਵੇਦਨਸ਼ੀਲ ਪਾਠਕ ਨੂੰ ਬੇਚੈਨ ਕਰਨ ਦੇ ਸਮੱਰਥ ਹੈ।ਨਾਵਲ ਦੀ ਕਹਾਣੀ ਦਾ ਵਡੇਰਾ ਭਾਗ ਗੁਰਲਾਭ ਨਾਂ ਦੇ ਤਥਾਕਥਿਤ ਖਾੜਕੂ ਦੀਆਂ ਕਾਰਗੁਜਾਰੀਆਂ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲੇ ਪਾਤਰਾਂ ਦੀ ਹੋਣੀ ਨੂੰ ਦਰਸਾਉਂਦਾ ਹੈ।ਉਸ ਰਾਹੀਂ ਚੰਗੇ ਮੰਦੇ ਚਰਿੱਤਰ ਵਾਲੇ ਸਾਧਾਰਨ ਤੇ ਗੈਰਮਾਮੂਲੀ ਕਈ ਤਰਾਂ ਦੇ ਹੋਰ ਪਾਤਰ ਵੀ ਸਾਹਵੇਂ ਆਉਂਦੇ ਹਨ ਜੋ ਖਾੜਕੂਵਾਦ ਦੇ ਮਸਲੇ ਨੂੰ ਉਭਾਰਦੇ ਹਨ।ਲੇਖਕ ਨੇ ਤਥਾਕਥਿਤ ਖਾੜਕੂਆਂ ਦੀਆਂ ਵੱਖ ਵੱਖ ਟੋਲੀਆਂ ਦੇ ਉਦੇਸ਼ਾਂ ਤੇ ਉਹਨਾ ਦੀਆਂ ਕਾਰਗੁਜਾਰੀਆਂ ਵਿੱਚ ਸਪਸ਼ਟ ਭਾਂਤ ਨਿਖੇੜਾ ਕੀਤਾ ਹੈ।ਗੁਰਲਾਭ ਭਾਵੇਂ ਵੱਡੇ ਵੱਡੇ ਐਕਸ਼ਨ ਨੇਪਰੇ ਚਾੜਨ ਵਾਲਾ ਖਾੜਕੂ ਹੈ ਪਰ ਹਕੀਕਤ ਵਿੱਚ ਉਹ ਬਦਮਾਸ਼ਾਂ ਦੀ ਉਸ ਢਾਂਣੀ ਦਾ ਪ੍ਰਤੀਨਿਧ ਪਾਤਰ ਹੈ ਜਿਸਦੀ ਖਾੜਕੂ ਲਹਿਰ ਨਾਲ ਮੁੱਢੋਂ ਕੋਈ ਹਮਦਰਦੀ ਨਹੀਂ, ਜਿਸਦਾ ਮਨੋਰਥ ਮਹਿਜ਼ ਲੁੱਟਮਾਰ ਤੇ ਅਯਾਸ਼ੀ ਕਰਨਾ ਹੀ ਹੈ।ਗੁਰਲਾਭ ਦੇ ਮੁੱਢਲੇ ਕਾਲਜ ਵੇਲੇ ਦੇ ਸਾਥੀਆਂ ਅਰਜਨ, ਨਿੰਮੇ, ਹਰੀ ਆਦਿ ਦਾ ਮਨੋਰਥ ਵੀ ਗੁੰਡੇ ਜਾਂ ਬਦਮਾਸ਼ਾਂ ਦੇ ਰੂਪ ਵਿੱਚ ਹੀਰੋ ਬਣਨਾ ਸੀ, ਜਦਕਿ ਮਗਰੋਂ ਜੁੜਨ ਵਾਲੇ ਗਣੇਸ਼, ਗੋਰਾ, ਜੀਵਨ ਵਰਗੇ ਸਾਧਾਰਨ ਲੋਕਾਂ ਨੂੰ ਗੁਰਲਾਭ ਨੇ ਪੈਸੇ ਦੇ ਲਾਲਚ ਵਿੱਚ ਭਰਮਾ ਕੇ ਮਾਰਧਾੜ ਦੇ ਰਾਹ ਤੋਰਿਆ ਹੈ।ਕਤਲਾਂ ਤੇ ਮਾਰਧਾੜ ਦੇ ਐਕਸ਼ਨਾ ਵਿੱਚ ਇਸ ਤਰਾਂ ਦੇ ਲੋਕਾਂ ਨੂੰ ਇੱਕ ਵਾਰ ਸੰਗੀ ਬਣਾਕੇ ਗੁਰਲਾਭ ਵਰਗੇ ਬਦਮਾਸ਼ਾਂ ਨੇ ਉਹਨਾ ਨੂੰ ਅਜਿਹੀ ਅੰਨ੍ਹੀ ਗਲੀ ਵਿੱਚ ਲਿਆ ਸੁੱਟਿਆ ਹੈ ਕਿ ਉਹਨਾ ਲਈ ਪਿੱਛੇ ਮੁੜਨ ਦਾ ਕੋਈ ਰਾਹ ਨਹੀਂ।ਉਹ ਇਕੱਲ ਦੇ ਪਲਾਂ ਵਿੱਚ ਆਪਣੀ ਸਥਿਤੀ ੳੁੱਤੇ ਪਛਤਉਂਦੇ ਤਾਂ ਹਨ ਪਰ ਇਸ ਤੋਂ ਛੁਟਕਾਰਾ ਪਾਉਣ ਲਈ ਕਰ ਕੁਛ ਨਹੀਂ ਸਕਦੇ। ਅਗਲੀ ਕੋਟੀ ਵਿੱਚ ਉਹ ਲੋਕ ਆਉਂਦੇ ਹਨ ਜਿੰਨਾ ਨੂੰ ਖੁਦ ਜਾਂ ਜਿੰਨ੍ਹਾਂ ਦੇ ਨਿਕਟ ਸਬੰਧੀਆਂ ਨੂੰ ਆਪਣੀ ਵਿਸ਼ੇਸ਼ ਧਾਰਮਿਕ ਦਿੱਖ ਕਾਰਨ ਕਿਸੇ ਪੱਧਰ ਉੱਤੇ ਤਸ਼ੱਦਦ ਜਾਂ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਜਿੰਨ੍ਹਾਂ ਦੇ ਗੁੱਸੇ ਦੀ ਅੱਗ ਨੂੰ ਖਾੜਕੂਆਂ ਨੇ ਹਵਾ ਦਿੱਤੀ ਹੈ।ਮੀਤਾ, ਅਜਾਇਬ, ਜੀਤਾ ਫੌਜੀ ਤੇ ਬਾਬਾ ਬਸੰਤ ਅਜਿਹੇ ਹੀ ਲੋਕ ਹਨ ਜਿੰਨਾ ਦੀਆਂ ਸਿੱਖੀ ਭਾਵਨਾਵਾਂ ਨੂੰ 1984 ਦੇ ਆਸਪਾਸ ਆਹਤ ਪਹੁੰਚੀ ਹੈ।ਆਖਰੀ ਵੰਨਗੀ ਦੇ ਖਾੜਕੂਆਂ ਵਿੱਚ ਕੁਝ ਉਹ ਲੋਕ ਹਨ ਜਿੰਨ੍ਹਾਂ ਨੂੰ ਸੱਚਮੁੱਚ ਵੇਲੇ ਦੀ ਰਾਜਨੀਤੀ ਵਿੱਚ ਵੱਖਵਾਦੀ ਸਿੱਖ ਸੰਕੀਰਣ ਸੋਚ ਨੇ ਪ੍ਰਭਾਵਤ ਕੀਤਾ ਹੈ ਅਤੇ ਜੋ ਇਸ ਮੰਤਵ ਲਈ ਇੱਕ ਲਹਿਰ ਉਸਾਰਨ ਵਾਸਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਯਤਨਸ਼ੀਲ ਹਨ।ਗ਼ਮਦੂਰ ਤੇ ਉਸਦੇ ਸਾਥੀ ਮਹਿੰਦਰ, ਨਾਹਰ ਇਹਨਾ ਮਗਰਲੇ ਚੇਤੰਨ ਖਾੜਕੂਆਂ ਦੀ ਪ੍ਰਤੀਨਧਤਾ ਕਰਦੇ ਹਨ।ਇੰਝ ਸਿੱਖ ਜਗਤ ਵਿੱਚ ਖਾੜਕੂਵਾਦ ਵਿੱਚ ਹਕੀਕੀ ਵਿਸ਼ਵਾਸ ਰੱਖਣ ਵਾਲਾ ਥੋੜ੍ਹਾ ਜਿਹਾ ਹਿੱਸਾ ਹੀ ਹੈ ਜਦਕਿ ਇਸ ਦੇ ਨਾਂ ੳੁੱਤੇ ਕੰਮ ਕਰਨ ਵਾਲਾ ਵਡੇਰਾ ਭਾਗ ਜਾਂ ਤਾਂ ਕਿਸੇ ਐਕਸੀਡੈਂਟ ਵਜੋਂ ਇਸ ਵਿੱਚ ਸ਼ਾਮਲ ਹੋ ਕੇ ਮਜਬੂਰੀ ਪਾਲ ਰਿਹਾ ਹੈ ਅਤੇ ਜਾਂ ਉਹਨਾਂ ਸੁਆਰਥਾਂ ਲਈ ਸਰਗਰਮ ਹੈ ਜਿੰਨ੍ਹਾਂ ਦਾ ਲਹਿਰ ਦੇ ਠੀਕ ਜਾਂ ਗ਼ਲਤ ਉਦੇਸ਼ਾਂ ਨਾਲ ਕੋਈ ਲੈਣਾ ਦੇਣਾ ਨਹੀ।ਆਪਣੀ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲਈ, ਹਥਿਆਰ ਖਰੀਦਣ ਦੇ ਪ੍ਰਯੋਜਨ ਨਾਲ ਧਨ ਜੁਟਾਉਣ ਵਾਸਤੇ ਭੁਲਾਂਦਰੇ ਵਾਲੀ ਸਮਝ ਤਹਿਤ ‘ਸੱਚਮੁੱਚ’ ਦਾ ਖਾੜਕੂ ਅਨਸਰ ਵੀ ਡਕੈਤੀਆਂ, ਲੁੱਟਾਂ, ਅਗਵਾ ਆਦਿ ਦੇ ਕੇਸ ਕਰਦਾ ਹੈ, ਵੱਖਰੀ ਦਿੱਖ ਵਾਲੇ ਲੋਕਾਂ ਵਿੱਚ ਆਤੰਕ ਫੈਲਾਉਣ ਲਈ ਉਹਨਾਂ ਦੇ ਕਤਲ ਵੀ ਕਰਦਾ ਹੈ।ਇਸ ਲਈ ਆਮ ਲੋਕ ਉਹਨਾ ਦੇ ਆਤੰਕ ਕਾਰਨ ਭੈਭੀਤ ਹਨ।ਪਰ ਇਹਨਾ ਸੱਚਮੁੱਚ ਦੇ ਖਾੜਕੂਆਂ ਤੋਂ ਵੱਖਰੇ ਗਰੁੱਪ, ਜਿੰਨ੍ਹਾਂ ਦੀਆਂ ਕਾਰਗੁਜ਼ਾਰੀਆਂ ਦਾ ਨਾਵਲ ਵਿੱਚ ਵਿਸਤ੍ਰਿਤ ਵੇਰਵਾ ਪ੍ਰਾਪਤ ਹੈ, ਦਾ ਤਾਂ ਕੰਮ ਹੀ ਲੁੱਟਾਂ ਖੋਹਾਂ, ਕਤਲ ਤੇ ਬਲਾਤਕਾਰ ਕਰਨਾ ਹੈ ।ਇਹਨਾ ਬੇਈਮਾਨ ਅਨਸਰਾਂ ਨੂੰ ਕਈ ਵਾਰ ਸਿੱਧੀ ਹੀ ਅਤੇ ਬਹੁਤ ਵਾਰ ਪਰੋਖ ਰੂਪ ਵਿੱਚ ਸਰਕਾਰੀ ਮਸ਼ੀਨਰੀ ਅਤੇ ਰਾਜ ਦੇ ੳੁੱਚ ਸਿਆਸਤਦਾਨਾਂ ਦੀ ਵੀ ਸਰਪ੍ਰਸਤੀ ਹਾਸਲ ਹੈ॥ਪੁਲਸ ਅਧਿਕਾਰੀ ਰਣਦੀਪ ਅਤੇ ਗੁਰਲਾਭ ਦੇ ਮਾਮੇ ਦੇ ਨਿਕਟਵਰਤੀ ਰਾਜ ਸਰਕਾਰ ਵਿਚਲੇ ਮੰਤਰੀ ਦੇ ਕਿਰਦਾਰ ਇਸ ਸੰਬੰਧ ਵਿੱਚ ਮਹੱਤਵਪੂਰਨ ਹਨ ਜੋ ਆਪਣੇ ਸੌੜੇ ਹਿਤਾਂ ਦੀ ਖਾਤਰ ਲੁਕਵੇਂ ਤੌਰ ‘ਤੇ ਤਥਾਕਥਿਤ ਖਾੜਕੂਆਂ ਦੀ ਪੁਸ਼ਤਪਨਾਹੀ ਕਰਦੇ ਹਨ।ਇਤਿਹਾਸਕ ਸੱਚ ਅਨੁਸਾਰ ਅੱਠਵੇਂ ਤੇ ਨੌਵੇਂ ਦਹਾਕੇ ਵਿੱਚ ਇੱਕ ਬੰਨੇ ਖਾੜਕੂਆਂ ਅਤੇ ਦੂਜੇ ਬੰਨੇ ਪੁਲਸ ਦੀਆਂ ਵਧੀਕੀਆਂ ਕਾਰਨ ਆਮ ਲੋਕਾਂ ਦੀ ਤ੍ਰਾਸਦਕ ਸਥਿਤੀ ਸਾਹਮਣੇ ਆਉਂਦੀ ਹੈ।ਨਾਵਲ ਦੀ ਕਹਾਣੀ ਨਹਿਰੀ ਮਹਿਕਮੇ ਵਿੱਚ ਉਵਰਸੀਅਰ ਲੱਗੇ ਸੁਖਚੈਨ ਨਾਂ ਦੇ ਪਾਤਰ ਦੀ ਹੋਣੀ ਨੂੰ ਕੇਂਦਰ ਵਿੱਚ ਰੱਖਕੇ ਗੁੰਦੀ ਗਈ ਹੈ।ਇਸ ਤਰਾਂ ਸੁਖਚੈਨ ਨੂੰ ਨਾਵਲ ਦਾ ਪ੍ਰਵਕਤਾ ਮੰਨਿਆਂ ਜਾ ਸਕਦਾ ਹੈ ਜੋ ਲਹਿਰ ਦੇ ਚੜ੍ਹਾਅ ਸਮੇਂ ਤਥਾਕਥਿਤ ਖਾੜਕੂਆਂ ਦੇ ਲਾਗੇ ਚਾਗੇ ਵਿਚਰਦਿਆਂ ਹੋਇਆਂ ਵੀ ਇਸ ਤੋਂ ਅਭਿੱਜ ਰਹਿਣ ਵਿੱਚ ਇਕ ਤਰਾਂ ਖੁਸ਼ਕਿਸਮਤ ਰਿਹਾ ਹੈ।ਨਹੀਂ ਤਾਂ ਜੋ ਕੋਈ ਵੀ ਹੈ, ਚਾਹੇ ਜਾਂ ਅਣਚਾਹੇ, ਤਥਾਕਥਿਤ ਖਾੜਕੂਆਂ ਦੇ ਸੰਪਰਕ ਵਿੱਚ ਆਇਆ, ਸਮੁੱਚੇ ਪਰਵਿਰ ਸਮੇਤ ਦੁਖਾਂਤਕ ਅੰਤ ਦਾ ਭਾਗੀ ਬਣਿਆਂ।ਸੁਖਚੈਨ ਅਤੇ ਨਾਵਲ ਦੀਆਂ ਇਸਤਰੀ ਪਾਤਰਾਂ, ਸਤਬੀਰ ਅਤੇ ਰਮਨਦੀਪ ਦੀ ਹੋਂਦ ਨਾਲ ਕਹਾਣੀ ਵਿੱਚ ਨਾਵਲੀ ਲਿਖਤ ਵਾਲੇ ਗੁਣ ਆਏ ਹਨ।ਇਹਨਾਂ ਦੋ ਮੁਟਿਆਰਾਂ ਦੇ ਕ੍ਰਮਵਾਰ ਗੁਰਲਾਭ ਅਤੇ ਸੁਖਚੈਨ ਨਾਲ ਪ੍ਰੇਮ-ਸਬੰਧਾਂ ਦਾ ਵਿਵਰਣ ਨਾਵਲ ਵਿੱਚ ਰੁਮਾਂਸ ਦਾ ਅੰਸ਼ ਤਾਂ ਲਿਆਉਂਦਾ ਹੀ ਹੈ, ਰਿਸ਼ਤਿਆਂ ਦੇ ਬਣਨ ਵਿਗੜਨ ਵਿੱਚ ਆਰਥਿਕਤਾ ਤੇ ਸਮਾਜਕ ਰੁਤਬੇ ਦੇ ਫੈਸਲਾਕੁਨ ਦਖਲ ਦਾ ਤੱਤ ਵੀ ਉਭਾਰਦਾ ਹੈ।ਇਸੇ ਕਰਕੇ ਰਮਨਦੀਪ ਤੇ ਸੁਖਚੈਨ ਦੇ ਪਿਆਰ ਦੀ ਤਾਂ ਸ਼ੁਰੂ ਵਿੱਚ ਸੰਘੀ ਨੱਪੀ ਜਾਂਦੀ ਹੈ, ਜਦਕਿ ਸਤਬੀਰ ਤੇ ਗੁਰਲਾਭ ਅੰਤ ਵਿੱਚ ਮਿਲ ਜਾਂਦੇ ਹਨ।ਵੈਸੇ ਇਹ ਵਿਸਵਸਾ ਬਣਿਆਂ ਰਹਿੰਦਾ ਹੈ ਕਿ ਗੁਰਲਾਭ ਦੇ ਖਲਨਾਇਕ ਵਾਲੇ ਹਕੀਕੀ ਚਰਿੱਤਰ ਦੇ ਸਾਹਵੇਂ ਆ ਜਾਣ ਤੇ ਸਤਬੀਰ ਉਸਦੇ ਸੰਗ-ਸਾਥ ਵਿੱਚ ਕਿਵੇਂ ਸੁਖੀ ਰਹਿ ਸਕੇਗੀ।ਨਾਵਲ ਦੀ ਕਥਾ ਵਿੱਚ ਵੱਡੇ ਜ਼ਿਮੀਂਦਾਰਾਂ ਦੇ ਭੂਪਵਾਦੀ ਤਰਜ਼ ਦੇ ਜੀਵਨ-ਵਿਹਾਰ ਅਤੇ ਸਰਕਾਰੀ ਮਸ਼ੀਨਰੀ ਨਾਲ ਉਹਨਾ ਦੇ ਸੰਬੰਧਾਂ ਦੀ ਉਘੜਦੀ ਤਸਵੀਰ ਇਸਨੂੰ ਇੱਕ ਵਿਸ਼ੇਸ਼ ਕਾਲ ਦਾ ਸਿਆਸੀ ਸੰਦ੍ਰਿਸ਼ ਉਭਾਰਨ ਨੂੰ ਅਗਾਂਹ ਆਮ ਰੂਪ ਵਿੱਚ ਸਮਾਜ ਦੀ ਝਲਕ ਦਿਖਾਉਣ ਦੇ ਵੀ ਸਮੱਰਥ ਬਣਾਉਂਦੀ ਹੈ।ਵਾਤਾਵਰਨ ਅਤੇ ਦ੍ਰਿਸ਼ ਚਿਤਰਨ ਦੇ ਪੱਖ ਤੋਂ ਵੀ ਨਾਵਲਕਾਰ ਨੇ ਚੋਖੀ ਕੁਸ਼ਲਤਾ ਵਿਖਾਈ ਹੈ, ਜਿਸ ਸਦਕਾ ਅਬੋਹਰ ਦੇ ਦੂਰ-ਦੁਰਾਡੇ ਦੇ ਇਲਾਕੇ ਦਾ ਭੋਂ-ਦ੍ਰਿਸ਼ ਬਾਖੂਬੀ ਉਭਰਦਾ ਹੈ।ਪਲੇਠੀ ਦੀ ਗਲਪ ਰਚਨਾ ਹੋਣ ਦੇ ਤੱਥ ਦੇ ਬਾਵਜੂਦ ਅਵੱਸ਼ ਹੀ ‘ਬਲੀ’ ਇੱਕ ਗੌਲਣਯੋਗ ਨਾਵਲ ਹੈ ਜਿਸਦੇ ਲਿਖਣ ‘ਤੇ ਲੇਖਕ ਨੂੰ ਵਧਾਈ ਦੇਣੀ ਉਚਿਤ ਪ੍ਰਤੀਤ ਹੁੰਦੀ ਹੈ।
ਰਘਬੀਰ ਸਿੰਘ( ਧੰਨਵਾਦ ਸਹਿਤ ‘ਸਿਰਜਣਾ-157’ ਵਿੱਚੋਂ )

No comments:

Post a Comment